ਪਰਿਵਾਰ ਦੀ ਪਿਆਸ ਬੁਝਾਉਣ ਲਈ ਪਾਣੀ ਲੈਣ ਗਏ ਦੋ ਸਕੇ ਭਰਾਵਾਂ ਦੀ ਮੌਤ, ਲਾਸ਼ਾਂ ਵੇਖ ਧਾਹਾਂ ਮਾਰ ਰੋਇਆ ਪਿਤਾ

Thursday, Jul 01, 2021 - 02:10 PM (IST)

ਹਾਂਸੀ— ਭਿਆਨਕ ਗਰਮੀ ਦੇ ਕਹਿਰ ’ਚ ਪਰਿਵਾਰ ਦੀ ਪਿਆਸ ਬੁਝਾਉਣ ਲਈ ਪਾਣੀ ਲੈਣ ਗਏ ਦੋ ਸਕੇ ਭਰਾਵਾਂ ਦੀ ਪਾਣੀ ਦੇ ਟੈਂਕ ਵਿਚ ਡੁੱਬਣ ਨਾਲ ਮੌਤ ਹੋ ਗਈ। ਪਾਣੀ ਦੀ ਸਪਲਾਈ ਨਾ ਹੋਣ ਕਾਰਨ ਭਿਵਾਨੀ ਦੇ ਦੁਰਜਨਪੁਰ ਪਿੰਡ ਵਿਚ ਮਜ਼ਦੂਰ ਬਲਵਾਨ ਦੇ ਘਰ ਪਾਣੀ ਖ਼ਤਮ ਹੋ ਚੁੱਕਾ ਸੀ। ਪਰਿਵਾਰ ਤੋਂ ਇਲਾਵਾ ਘਰ ਵਿਚ ਪਸ਼ੂ ਵੀ ਬਿਨਾਂ ਪਾਣੀ ਦੇ ਤ੍ਰਾਹ-ਤ੍ਰਾਹ ਕਰ ਰਹੇ ਸਨ। ਪਾਣੀ ਦੀ ਭਾਲ ਵਿਚ ਬਲਵਾਨ ਦੇ ਦੋਵੇਂ ਮੁੰਡੇ ਰਿਸ਼ਕੇ ’ਤੇ ਖਾਲੀ ਟੰਕੀ ਰੱਖ ਕੇ ਘਰੋਂ ਨਿਕਲ ਪਏ। 

ਦੋਵੇਂ ਭਰਾ ਪਿੰਡ ਦੇ ਜਲ ਘਰ ਵਿਚ ਜਾ ਕੇ ਜਿਵੇਂ ਹੀ ਪਾਣੀ ਦੇ ਟੈਂਕ ਤੋਂ ਪਾਣੀ ਭਰਨ ਲੱਗੇ ਤਾਂ ਅਚਾਨਕ ਅਨੂਪ ਦਾ ਪੈਰ ਤਿਲਕ ਗਿਆ ਅਤੇ ਉਹ ਟੈਂਕ ’ਚ ਜਾ ਡਿੱਗਿਆ। ਆਪਣੇ ਛੋਟੇ ਭਰਾ ਦੀ ਜਾਨ ਬਚਾਉਣ ਲਈ ਕਰਮਵੀਰ ਨੇ ਟੈਂਕ ’ਚ ਛਾਲ ਮਾਰ ਦਿੱਤੀ। ਬਦਕਿਸਮਤੀ ਨਾਲ ਕਰਮਵੀਰ ਨਾ ਹੀ ਅਨੂਪ ਦੀ ਜਾਨ ਬਚਾਅ ਸਕਿਆ ਅਤੇ ਉਹ ਖ਼ੁਦ ਵੀ ਪਾਣੀ ਵਿਚ ਡੁੱਬ ਗਿਆ। ਟੈਂਕ ਵਿਚ ਡੁੱਬ ਰਹੇ ਦੋਵੇਂ ਭਰਾ ਬਚਾਓ-ਬਚਾਓ ਦੀਆਂ ਆਵਾਜ਼ਾਂ ਮਾਰਦੇ ਰਹੇ ਪਰ ਤੱਪਦੀ ਦੁਪਹਿਰ ’ਚ ਲੋਕ ਆਪਣੇ ਘਰਾਂ ਵਿਚ ਬੰਦ ਸਨ ਅਤੇ ਉਨ੍ਹਾਂ ਦੀ ਟੈਂਕ ’ਚ ਡੁੱਬਣ ਨਾਲ ਮੌਤ ਹੋ ਗਈ। 

ਜਦੋਂ ਕਈ ਘੰਟਿਆਂ ਤੱਕ ਦੋਵੇਂ ਭਰਾ ਘਰ ਨਹੀਂ ਪਹੁੰਚੇ ਤਾਂ ਪਿਤਾ ਉਨ੍ਹਾਂ ਨੂੰ ਲੱਭਦ ਹੋਏ ਟੈਂਕ ਕੋਲ ਪਹੁੰਚੇ, ਜਿੱਥੇ ਦੋਹਾਂ ਦੀਆਂ ਚੱਪਲਾਂ ਟੈਂਕ ਦੇ ਪਾਣੀ ’ਚ ਤੈਰ ਰਹੀਆਂ ਸਨ ਅਤੇ ਰਿਕਸ਼ਾ ਖੜ੍ਹੀ ਸੀ। ਪਿਤਾ ਆਪਣੇ ਦੋਹਾਂ ਪੁੱਤਰਾਂ ਨੂੰ ਬਚਾਉਣ ਲਈ ਜ਼ੋਰ-ਜ਼ੋਰ ਦੀ ਚੀਕਿਆ ਅਤੇ ਨੇੜੇ ਦੇ ਮੈਦਾਨ ਵਿਚ ਕਬੱਡੀ ਖੇਡ ਰਹੇ ਨੌਜਵਾਨ ਦੌੜੇ ਆਏ। ਉਨ੍ਹਾਂ ਨੇ ਤੁਰੰਤ ਟੈਂਕ ’ਚ ਡੁੱਬਕੀ ਲਾਈ ਅਤੇ ਦੋਹਾਂ ਸਕੇ ਭਰਾਵਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਆਪਣੇ ਹੋਣਹਾਰ ਬੱਚਿਆਂ ਦੀਆਂ ਲਾਸ਼ਾਂ ਵੇਖ ਕੇ ਪਿਤਾ ਦੇ ਹੰਝੂ ਨਹੀਂ ਰੁੱਕ ਰਹੇ ਸਨ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਏ। 

ਪਰਿਵਾਰ ਨੂੰ ਇਸ ਘਟਨਾ ਬਾਬਤ ਜਾਣਕਾਰੀ ਦਿੱਤੀ ਗਈ ਅਤੇ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਨੂੰ ਹਾਂਸੀ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਲਿਆਂਦਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਹੈੱਡ ਕਾਂਸਟੇਬਲ ਸੁਖਬੀਰ ਨੇ ਦੱਸਿਆ ਕਿ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਓਧਰ ਮਿ੍ਰਤਕ ਦੇ ਪਰਿਵਾਰ ਨਾਲ ਵੱਡੀ ਗਿਣਤੀ ਵਿਚ ਪਿੰਡ ਵਾਲੇ ਹਸਪਤਾਲ ਪਹੁੰਚੇ। ਪਿੰਡ ਵਾਸੀਆਂ ਨੇ ਕਿਹਾ ਕਿ ਮਿ੍ਰਤਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਪਿਤਾ ਪਿੰਡ ’ਚ ਹੀ ਮਜ਼ਦੂਰੀ ਕਰ ਕੇ ਪਰਿਵਾਰ ਦਾ ਢਿੱਲ ਪਾਲਦੇ ਹਨ। ਅਜਿਹੇ ਵਿਚ ਸਕੇ ਭਰਾਵਾਂ ਦੀ ਮੌਤ ਨਾਲ ਪਰਿਵਾਰ ਦਾ ਸਾਰਾ ਭਾਰ ਪਿਤਾ ’ਤੇ ਆ ਗਿਆ ਹੈ।


Tanu

Content Editor

Related News