ਖੇਤੀ ਬਿੱਲ ਖ਼ਿਲਾਫ਼ ਹਰਿਆਣਾ ’ਚ ਕਿਸਾਨਾਂ ਦਾ ਪ੍ਰਦਰਸ਼ਨ, ਸੜਕਾਂ ਜਾਮ
Sunday, Sep 20, 2020 - 04:19 PM (IST)
ਚੰਡੀਗੜ੍ਹ/ਹਰਿਆਣਾ— ਹਰਿਆਣਾ ’ਚ ਐਤਵਾਰ ਯਾਨੀ ਕਿ ਅੱਜ ਵਿਆਪਕ ਸੁਰੱਖਿਆ ਇੰਤਜ਼ਾਮ ਦਰਮਿਆਨ ਕਿਸਾਨਾਂ ਨੇ ਖੇਤੀ ਸੰਬੰਧੀ ਬਿੱਲਾਂ ਖ਼ਿਲਾਫ਼ ਚੱਕਾ ਜਾਮ ਕੀਤਾ। ਭਾਰਤੀ ਕਿਸਾਨ ਸੰਘ ਦੀ ਹਰਿਆਣਾ ਇਕਾਈ ਕੁਝ ਹੋਰ ਕਿਸਾਨ ਸੰਗਠਨਾਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ ਰਾਜ ਵਿਆਪੀ ਪ੍ਰਦਰਸ਼ਨ ਕਰ ਰਹੀ ਹੈ। ਪ੍ਰਦਰਸ਼ਨ ਵਿਚ ਆੜ੍ਹਤੀ ਜਾਂ ਕਮੀਸ਼ਨ ਏਜੰਟ ਵੀ ਸ਼ਾਮਲ ਹੋਏ ਹਨ। ਇਸ ਦਰਮਿਆਨ ਪੰਜਾਬ ਯੁਵਾ ਕਾਂਗਰਸ ਵੀ ਇਨ੍ਹਾਂ ਬਿੱਲਾਂ ਖ਼ਿਲਾਫ਼ ਪੰਜਾਬ ਤੋਂ ਦਿੱਲੀ ਤੱਕ ‘ਟਰੈਕਟਰ ਰੈਲੀ’ ਕੱਢ ਰਹੀ ਹੈ। ਰੈਲੀ ਮੋਹਾਲੀ ਜ਼ਿਲ੍ਹੇ ਤੋਂ ਸ਼ੁਰੂ ਹੋਈ ਅਤੇ ਰਾਸ਼ਟਰੀ ਹਾਈਵੇਅ ’ਤੇ ਅੰਬਾਲਾ ਵੱਲ ਵਧੀ। ਹਾਲਾਂਕਿ ਅੰਬਾਲਾ ’ਚ ਰਾਸ਼ਟਰੀ ਹਾਈਵੇਅ ’ਤੇ ਹਰਿਆਣਾ ਪੁਲਸ ਨੇ ਵੱਡੀ ਗਿਣਤੀ ਵਿਚ ਬੈਰਕ ਲੱਗਾ ਰੱਖੇ ਹਨ। ਹਰਿਆਣਾ-ਪੰਜਾਬ ਸਰਹੱਦ ’ਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤਾ ਗਿਆ ਹੈ।
ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦੇ ਹਰਿਆਣਾ ’ਚ ਥਾਂ-ਥਾਂ ਜਾਮ ਲੱਗਾ ਹੋਇਆ ਹੈ। ਹਰਿਆਣਾ ਪੁਲਸ ਰਾਸ਼ਟਰੀ ਅਤੇ ਰਾਜ ਹਾਈਵੇਅ ਤੋਂ ਇਲਾਵਾ ਅੰਬਾਲਾ, ਕੁਰੂਕਸ਼ੇਤਰ, ਸੋਨੀਪਤ, ਜੀਂਦ, ਸਿਰਸਾ, ਫਤਿਹਾਬਾਦ, ਹਿਸਾਰ ਅਤੇ ਭਿਵਾਨੀ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਮਹੱਤਵਪੂਰਨ ਸੜਕਾਂ ’ਤੇ ਗਸ਼ਤ ਕਰ ਰਹੀ ਹੈ। ਹਾਲਾਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਕਿਸਾਨਾਂ ਨੂੰ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਸੀ।
ਦੱਸ ਦੇਈਏ ਕਿ ਖੇਤੀ ਬਿੱਲ ਰਾਜ ਸਭਾ ’ਚ ਵੀ ਪਾਸ ਹੋ ਗਏ ਹਨ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜ ਸਭਾ ਵਿਚ ਕਿਸਾਨੀ ਉਪਜ ਵਪਾਰ ਅਤੇ ਵਣਜ ਬਿੱਲऴ2020 ਅਤੇ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਬਿੱਲ 2020 ਪੇਸ਼ ਕੀਤੇ ਗਏ, ਭਾਰੀ ਹੰਗਾਮੇ ਦਰਮਿਆਨ ਦੋਵੇਂ ਬਿੱਲ ਸੰਸਦ ’ਚ ਪਾਸ ਹੋ ਗਏ ਹਨ। ਇਨ੍ਹਾਂ ਬਿੱਲਾਂ ਨੂੰ ਕੁਝ ਦਿਨ ਪਹਿਲਾਂ ਹੀ ਲੋਕ ਸਭਾ ’ਚ ਪਾਸ ਕੀਤਾ ਜਾ ਚੁੱਕਾ ਹੈ। ਇਨ੍ਹਾਂ ਬਿੱਲਾਂ ਦਾ ਕਿਸਾਨਾਂ ਸੰਗਠਨਾਂ ਤੋਂ ਇਲਾਵਾ ਕੇਂਦਰ ਵਿਚ ਸੱਤਾਧਾਰੀ ਗਠਜੋੜ ’ਚ ਵੀ ਭਾਰੀ ਵਿਰੋਧ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਪਿਛਲੇ ਹਫ਼ਤੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।