ਹਰਸਿਮਰਤ ਬਾਦਲ ਵਲੋਂ ਲਗਾਏ ਗਏ ਦੋਸ਼ਾਂ ਦਾ ਭਗਵੰਤ ਮਾਨ ਨੇ ਦਿੱਤਾ ਜਵਾਬ, ਕੀਤਾ ਇਹ ਚੈਲੇਂਜ
Tuesday, Mar 23, 2021 - 04:03 PM (IST)
ਨਵੀਂ ਦਿੱਲੀ- ਹਰਸਿਮਰਤ ਬਾਦਲ ਨੇ ਬੀਤੇ ਦਿਨੀਂ ਸੰਸਦੀ ਕਮੇਟੀ ਵਲੋਂ ਜ਼ਰੂਰੀ ਵਸਤਾਂ ਐਕਟ ਨੂੰ ਲਾਗੂ ਕਰਨ ਪ੍ਰਵਾਨਗੀ ਦੇਣ ਦੇ ਮੁੱਦੇ 'ਤੇ ਭਗਵੰਤ ਮਾਨ ਨੂੰ ਘੇਰਿਆ। ਹਰਸਿਮਰਤ ਨੇ ਕਿਹਾ ਕਿ ਇਸ ਬਿੱਲ ਨੂੰ ਪ੍ਰਵਾਨਗੀ ਦੇਣ ਦੇ ਨਾਲ-ਨਾਲ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਿਸਾਨਾਂ ਪ੍ਰਤੀ ਦੋਹਰਾ ਚਿਹਰਾ ਬੇਨਕਾਬ ਹੋ ਗਿਆ ਹੈ। ਕੰਜਿਊਮਰ ਅਫੇਅਰ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਭਗਵੰਤ ਮਾਨ ਉਸ ਮੀਟਿੰਗ ਨੂੰ ਅਟੈਂਡ ਕਰਦੇ ਹਨ, ਜਿਸ ਵਿਚ ਬਿੱਲ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੀ ਗੱਲ ਕਹੀ ਗਈ ਸੀ। ਇਸ ਸੰਸਦੀ ਕਮੇਟੀ ਨੇ ਸਿਫ਼ਾਰਿਸ਼ ਕੀਤੀ ਕਿ ਇਸ ਬਿੱਲ ਨੂੰ ਕਿਸੇ ਵੀ ਹਾਲਤ 'ਚ ਰੋਕਿਆ ਨਹੀਂ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਭਗਵੰਤ ਮਾਨ ਨੇ ਇਸ ਬੈਠਕ ਵਿਚ ਬਿੱਲ ਨੂੰ ਲਾਗੂ ਕਰਨ ਨਾਲ ਸਹਿਮਤੀ ਜਤਾਈ। ਹਰਸਿਮਰਤ ਬਾਦਲ ਨੇ ਭਗਵੰਤ ਮਾਨ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਜਿਹੜੀ ਵੀ ਕਮੇਟੀ ਦੀ ਰਿਪੋਰਟ ਆਉਂਦੀ ਹੈ, ਉਸ ਦੇ ਮਿੰਟ ਸਰਕੂਲੇਟ ਕੀਤੇ ਜਾਂਦੇ ਹਨ। ਬੈਠਕ ਦੌਰਾਨ ਵਿਚਾਰ ਚਰਚਾ ਕੀ ਹੋਣੀ ਹੈ, ਇਹ ਵੀ ਸਭ ਨੂੰ ਅਗਾਊਂ ਦੱਸਿਆ ਜਾਂਦਾ ਹੈ ਅਤੇ ਫਿਰ ਉਸ ਕਮੇਟੀ ਦੀ ਸਿਫ਼ਾਰਿਸ਼ ਕੀਤੀ ਸੀ, ਇਸ ਬਾਰੇ ਵੀ ਸਾਰਿਆਂ ਨੂੰ ਦੱਸਿਆ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਗਵੰਤ ਮਾਨ ਨੂੰ ਵੀ ਇਹ ਸਾਰੀ ਕਾਰਵਾਈ ਭੇਜੀ ਗਈ ਪਰ ਕੀ ਮਾਨ ਸਾਹਿਬ ਨੇ ਇਕ ਵਾਰ ਵੀ ਇਸ ਬਿੱਲ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਸੀ? ਜੇਕਰ ਉਨ੍ਹਾਂ ਵਿਰੋਧ ਕੀਤਾ ਸੀ ਤਾਂ ਲਿਖਤੀ ਸਬੂਤ ਪੇਸ਼ ਕਰਨ।
ਜ਼ਰੂਰੀ ਵਸਤਾਂ ਐਕਟ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਨਾਲ ਭਗਵੰਤ ਮਾਨ, ਆਮ ਆਦਮੀ ਪਾਰਟੀ ਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੋਗਲੀ ਰਾਜਨੀਤੀ ਦਾ ਪਰਦਾਫ਼ਾਸ਼ ਹੋ ਗਿਆ ਹੈ, ਅਤੇ ਹੁਣ ਪੰਜਾਬ ਦੇਖਣਾ ਚਾਹੁੰਦਾ ਹੈ ਕਿ ਕਿਸਾਨ ਹਿੱਤਾਂ ਦੇ ਦਮਗਜੇ ਮਾਰਨ ਵਾਲੇ ਕੇਜਰੀਵਾਲ ਭਗਵੰਤ ਮਾਨ ਵਿਰੁੱਧ ਕੀ ਕਾਰਵਾਈ ਕਰਦੇ ਹਨ।#AntiFarmerActs pic.twitter.com/vU0HWNcS78
— Harsimrat Kaur Badal (@HarsimratBadal_) March 22, 2021
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਹਾ ਕਿ ਸੰਸਦ 'ਚ ਜ਼ਰੂਰੀ ਵਸਤਾਂ ਐਕਟ ਨੂੰ ਲੈ ਕੇ ਜੋ ਰਿਪੋਰਟ ਪੇਸ਼ ਹੋਈ ਹੈ, ਉਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਭਗਵੰਤ ਮਾਨ ਨੇ ਵੀ ਉਸ 'ਚ ਸਾਈਨ ਕੀਤਾ ਹੈ। ਉਸ 'ਚ 31 ਸੰਸਦ ਮੈਂਬਰ ਹਨ ਅਤੇ ਮੈਂ ਇਸ ਦਾ ਵਿਰੋਧ ਕੀਤਾ ਸੀ। 16 ਦਸੰਬਰ 2020 ਨੂੰ ਮੈਂ ਕਮੇਟੀ ਦੀ ਮੀਟਿੰਗ 'ਚ ਬੋਲਿਆ ਸੀ ਕਿ ਸਰਕਾਰ ਨੂੰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੇ ਨਿਰਧਾਰਨ ਨੂੰ ਆਪਣੇ ਹੱਥ 'ਚ ਰੱਖਣਾ ਚਾਹੀਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਸ 'ਚ ਮੈਂ ਡਿਮਾਂਡ ਸਪਲਾਈ ਦੇ ਫਾਰਮੂਲੇ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਪਿਆਜ਼-ਟਮਾਟਰ ਵਰਗੀਆਂ ਜ਼ਰੂਰੀ ਵਸਤੂਆਂ ਤੱਕ ਦੀ ਕੀਮਤ ਬਜ਼ਾਰ ਦੇ ਹੱਥ 'ਚ ਨਹੀਂ ਦਿੱਤੀ ਜਾਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਵਾਲੇ ਮੇਰੇ 'ਤੇ ਭੜਕੇ ਸਨ ਕਿ ਭਗਵੰਤ ਮਾਨ ਨੇ ਉਸ ਦਾ ਵਿਰੋਧ ਨਹੀਂ ਕੀਤਾ ਸੀ ਪਰ ਮੇਰੇ ਕੋਲ ਲਿਖਤੀ 'ਚ ਅਤੇ ਆਡੀਓ 'ਚ ਵੀ ਸਬੂਤ ਹਨ। ਭਗਵੰਤ ਨੇ ਹਰਸਿਮਰਤ ਕੌਰ ਨੂੰ ਚੈਲੇਂਜ ਕਰਦੇ ਹੋਏ ਕਿਹਾ ਕਿ ਉਹ 5 ਜੂਨ 2020 ਦੀ ਮੀਟਿੰਗ ਦੇ ਮਿੰਟਸ ਜਾਰੀ ਕਰੇ, ਜਿਸ ਮੀਟਿੰਗ 'ਚ ਪਹਿਲੀ ਵਾਰ ਖੇਤੀ ਕਾਨੂੰਨਾਂ ਦੇ ਮਸੌਦੇ 'ਤੇ ਗੱਲ ਹੋਈ ਸੀ। ਉਨ੍ਹਾਂ ਅੱਗੇ ਕਿਹਾ ਕਿ ਤਿੰਨ ਦਿਨਾਂ 'ਚ ਉਹ ਜਾਰੀ ਕਰੇ ਕਿ ਫੂਡ ਪ੍ਰੋਸੈਸਿੰਗ ਮਿਨੀਸਟਰ ਦੇ ਰੂਪ 'ਚ ਉਨ੍ਹਾਂ ਤੋਂ ਕੀ ਪੁੱਛਿਆ ਗਿਆ ਸੀ, ਉਨ੍ਹਾਂ ਨੇ ਕੀ ਕਿਹਾ ਸੀ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਅਤੇ ਕਿਸਾਨਾਂ ਨੂੰ ਮਿਲ ਰਹੇ ਸਾਡੇ ਸਮਰਥਨ ਤੋਂ ਦੋਵੇਂ ਪਾਰਟੀਆਂ ਬੌਖਲਾਹ ਗਈਆਂ ਹਨ।