ਲੋਕ ਸਭਾ 'ਚ ਗਰਜੇ ਹਰਸਿਮਰਤ ਕੌਰ ਬਾਦਲ, ਬੰਦੀ ਸਿੰਘਾਂ ਦੀ ਰਿਹਾਈ ਸਮੇਤ ਚੁੱਕੇ ਇਹ ਮੁੱਦੇ

12/20/2023 4:07:47 PM

ਨਵੀਂ ਦਿੱਲੀ- ਪੰਜਾਬ ਦੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਲੋਕ ਸਭਾ 'ਚ ਸਿੱਖ ਭਾਈਚਾਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ। ਬਾਦਲ ਨੇ ਕਿਹਾ ਕਿ ਸਿੱਖ ਹੋਣ ਦੇ ਨਾਅਤੇ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਪੰਜਾਬ ਅਤੇ ਪੰਜਾਬੀਆਂ ਨੇ ਪੁਲਸ ਤਸ਼ੱਦਦ ਨੂੰ ਸਹਿਆ ਹੈ। ਦਰਅਸਲ ਹਰਸਿਮਰਤ ਬਾਦਲ ਨਵੇਂ ਅਪਰਾਧਿਕ ਕਾਨੂੰਨਾਂ 'ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿੱਖਾਂ ’ਤੇ ਕਈ ਅੱਤਿਆਚਾਰ ਹੋਏ ਹਨ ਅਤੇ ਨਵੇਂ ਕਾਨੂੰਨ ਵਿਚ ਸਿੱਖਾਂ ਅਤੇ ਘੱਟ ਗਿਣਤੀਆਂ ਨੂੰ ਇਨਸਾਫ਼ ਦੇਣ ਵਾਲੀ ਇਕ ਵੀ ਵਿਵਸਥਾ ਨਹੀਂ ਹੈ। ਹਰਸਿਮਰਤ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ। ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੀ ਆਬਾਦੀ 1.5 ਫ਼ੀਸਦੀ ਸੀ। ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ। ਹਰਸਿਮਰਤ ਬਾਦਲ ਨੇ ਜ਼ਲਿਆਂਵਾਲੇ ਬਾਗ ਕਤਲੇਆਮ ਦੀ ਵੀ ਗੱਲ ਕੀਤੀ।

ਇਹ ਵੀ ਪੜ੍ਹੋ- ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲਾ; ਪੁਲਸ ਹਿਰਾਸਤ 'ਚ ਲਏ ਗਏ ਦੋਸ਼ੀਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਹਰਸਿਮਰਤ ਨੇ ਕਿਹਾ ਕਿ 'ਫਰੀਡਮ ਮੂਵਮੈਂਟ' ਅਕਾਲੀ ਦਲ ਨੇ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਸਰਹੱਦਾਂ 'ਤੇ ਦੇਸ਼ ਦੀ ਵੰਡ ਹੋ ਗਈ। ਹਜ਼ਾਰਾਂ,ਲੱਖਾਂ ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਉਜੜ ਕੇ ਇੱਥੇ ਆਏ। ਸਾਡੇ ਪੰਜਾਬ ਦੀ ਵੰਡ ਹੋਈ, ਲੜਾਈ ਅਸੀਂ ਲੜੀ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ। ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਪੰਜਾਬ ਦੇ ਟੋਟੇ-ਟੋਟੇ ਕਰ ਕੇ ਵੱਖ-ਵੱਖ ਸੂਬੇ ਬਣਾ ਦਿੱਤੇ। ਸਾਨੂੰ ਕੋਈ ਰਾਜਧਾਨੀ ਨਹੀਂ ਦਿੱਤੀ ਗਈ। ਸਾਡਾ ਪਾਣੀ ਵੀ ਖੋਹ ਕੇ ਦੂਜੇ ਸੂਬੇ ਨੂੰ ਦੇ ਦਿੱਤਾ ਗਿਆ। 

ਇਹ ਵੀ ਪੜ੍ਹੋ- ਸੰਸਦ ਸੁਰੱਖਿਆ ’ਚ ਕੁਤਾਹੀ: ਭਗਤ ਸਿੰਘ ਤੇ ਚੰਦਰਸ਼ੇਖਰ ਦੇ ਨਾਂ ’ਤੇ ਬਣੇ 6 ਵਟਸਐਪ ਗਰੁੱਪ ਦਾ ਹਿੱਸਾ ਸਨ ਮੁਲਜ਼ਮ

ਬਾਦਲ ਨੇ ਸਿੱਧਾ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਕਿਉਂ ਅੱਜ ਤੱਕ ਇੰਦਰਾ ਗਾਂਧੀ 'ਤੇ ਕੋਈ ਕਾਨੂੰਨ ਨਹੀਂ ਲੱਗਾ। ਸਾਡੇ ਅਕਾਲ ਤਖ਼ਤ ਸਾਹਿਬ 'ਤੇ ਇੰਦਰਾ ਗਾਂਧੀ ਦੇ ਕਹਿਣ 'ਤੇ ਟੈਕਾਂ-ਤੋਪਾਂ ਨਾਲ ਹਮਲਾ ਕਰ ਦਿੱਤਾ ਗਿਆ, ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਸ ਤੋਂ ਬਾਅਦ ਦਿੱਲੀ 'ਚ 1984 ਦੇ ਦੰਗੇ ਹੋਏ। ਕਿੰਨੇ ਸਿੱਖਾਂ ਦੇ ਕਤਲੇਆਮ ਹੋਏ,  ਸਿਰਫ਼ ਇਕ FIR ਦਰਜ ਹੋਈ। ਅੱਜ ਵੀ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ। 

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ 6ਵਾਂ ਦੋਸ਼ੀ ਮਹੇਸ਼ ਗ੍ਰਿਫ਼ਤਾਰ, 7 ਦਿਨ ਦੀ ਪੁਲਸ ਹਿਰਾਸਤ 'ਚ ਭੇਜਿਆ ਗਿਆ

ਸੰਸਦ ਦੀ ਸੁਰੱਖਿਆ ਕੁਤਾਹੀ ਦਾ ਮੁੱਦਾ ਵੀ ਹਰਸਿਮਰਤ ਬਾਦਲ ਨੇ ਚੁੱਕਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਭਾਵਨਾ 'ਚ ਵਹਿ ਕੇ ਅਜਿਹੇ ਕਦਮ ਚੁੱਕੇ। ਉਨ੍ਹਾਂ ਨੇ ਕਿਸਾਨਾਂ, ਬੇਰੁਜ਼ਗਾਰ ਅਤੇ ਮਣੀਪੁਰ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਅਜਿਹਾ ਕਦਮ ਚੁੱਕਿਆ। ਬਾਦਲ ਨੇ ਬੰਦੀ ਸਿੰਘਾਂ ਬਾਰੇ ਕਿਹਾ ਕਿ 30-30 ਸਾਲਾਂ ਤੋਂ ਉਹ ਜੇਲ੍ਹਾਂ ਵਿਚ ਬੰਦ ਹਨ। ਭਾਈ ਰਾਜੋਆਣਾ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦੀ ਦਇਆ ਪਟੀਸ਼ਨ ਪੈਂਡਿੰਗ ਪਈ ਹੈ, ਉਸ 'ਤੇ ਸਰਕਾਰ ਕੋਈ ਫ਼ੈਸਲਾ ਨਹੀਂ ਲੈ ਰਹੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News