ਕਾਬੁਲ ਗੁਰਦੁਆਰਾ ਹਮਲਾ: ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰਾਲਾ ਤੋਂ ਕੀਤੀ ਇਹ ਅਪੀਲ

Thursday, Mar 26, 2020 - 02:05 AM (IST)

ਕਾਬੁਲ ਗੁਰਦੁਆਰਾ ਹਮਲਾ: ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰਾਲਾ ਤੋਂ ਕੀਤੀ ਇਹ ਅਪੀਲ

ਨਵੀਂ ਦਿੱਲੀ — ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਦੀ ਭਾਰਤੀ ਸਿੱਖਾਂ ਨੇ ਸਖਤ ਨਿੰਦਾ ਕੀਤੀ ਹੈ। ਵੱਖ-ਵੱਖ ਸੰਗਠਨਾਂ ਨੇ ਸਖਤ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਭਾਰਤ ਸਰਕਾਰ ਤੋਂ ਇਸ ਹਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਹੈ। ਇਸ ਹਮਲੇ 'ਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਤੇ ਵਿਦੇਸ਼ ਮੰਤਰਾਲਾ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਇਸ ਸਬੰਧ 'ਚ ਹਰ ਜ਼ਰੂਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ 'ਤੇ ਇਕ ਪੋਸਟ ਜਾਰੀ ਕਰਦਿਆਂ ਵਿਦੇਸ਼ ਮੰਤਰੀ ਜੈਸ਼ੰਕਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਉਹ ਕਾਬੁਲ 'ਚ ਹੋਏ ਅੱਤਵਾਦੀ ਹਮਲੇ 'ਚ ਜ਼ਖਮੀ ਹੋਏ ਸਿੱਖਾਂ ਨੂੰ ਪਰਿਵਾਰਾਂ ਸਮੇਤ ਭਾਰਤ ਲਿਆਂਦਾ ਜਾਵੇ ਤਾਂ ਤਾਂ ਜੋ ਇਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ, ਨਾਲ ਹੀ ਉਨ੍ਹਾਂ ਕਿਹਾ ਹੈ ਕਿ ਉਹ ਸਿੱਖਾਂ ਦੀ ਕੁਸ਼ਲਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਣਗੇ।

ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਫੇਸਬੁੱਕ 'ਤੇ ਪੋਸਟ ਜਾਰੀ ਕਰਦਿਆਂ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਅੱਤਵਾਦੀ ਹਮਲੇ ਪ੍ਰਤੀ ਦੁੱਖ ਪ੍ਰਗਟਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਨੀ ਸਾਹਮਣੇ ਚੁੱਕਣ।

ਜ਼ਿਕਰਯੋਗ ਹੈ ਕਿ ਕਾਬੁਲ ਦੇ ਗੁਰਦੁਆਰੇ 'ਤੇ 25 ਮਾਰਚ ਨੂੰ ਤੜਕੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ 25 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਜ਼ਖਮੀ ਹੋ ਗਏ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਗੁਰਦੁਆਰੇ 'ਚ ਕਰੀਬ 150 ਸ਼ਰਧਾਲੂ ਰੋਜ਼ਾਨਾ ਵਾਂਗ ਪ੍ਰਾਰਥਨਾ ਲਈ ਇਕੱਠੇ ਹੋਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ।


author

Inder Prajapati

Content Editor

Related News