‘ਧਰਮ ਜਾਗਰੂਕਤਾ ਲਹਿਰ’ ਨੇ ਪੰਜਾਬ ’ਚ ਸੁੱਤੀ ਪਈ ਸ਼੍ਰੋਮਣੀ ਕਮੇਟੀ ਨੂੰ ਵੀ ਜਗਾਇਆ : ਕਾਲਕਾ, ਕਾਹਲੋਂ

Thursday, Sep 08, 2022 - 12:35 PM (IST)

ਜਲੰਧਰ/ਨਵੀਂ ਦਿੱਲੀ, (ਚਾਵਲਾ)– ਪੱਛਮੀ ਦਿੱਲੀ ’ਚ ਸਿੱਖਾਂ ਦੀ ਬਹੁ-ਗਿਣਤੀ ਵਸੋਂ ਵਾਲੇ ਇਲਾਕੇ ਵਿਸ਼ਨੂੰ ਗਾਰਡਨ ਅਤੇ ਸ਼ਾਮ ਨਗਰ ਹਲਕੇ ਤੋਂ ਵੱਡੀ ਗਿਣਤੀ ’ਚ ਸਿੱਖ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਏ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਾਰੇ ਨੌਜਵਾਨਾਂ ਦਾ ਸਿਰੋਪਾਓ ਭੇਟ ਕਰ ਕੇ ਆਪਣੀ ਪਾਰਟੀ ਵੱਲੋਂ ਸਵਾਗਤ ਕੀਤਾ।

ਇਸ ਮੌਕੇ ਮੀਟਿੰਗ ’ਚ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਬਾਗੋ-ਬਾਗ ਹੋਏ ਕਾਲਕਾ ਅਤੇ ਕਾਹਲੋਂ ਨੇ ਸਰਵਜੋਤ ਸਿੰਘ ‘ਐਸ਼’ ਤੇ ਗੁਰਪ੍ਰੀਤ ਸਿੰਘ ਨੂੰ ਛੇਤੀ ਹੀ ਯੂਥ ਅਕਾਲੀ ਦਲ ’ਚ ਵੱਡੀ ਜ਼ਿੰਮੇਵਾਰੀ ਸੌਂਪਣ ਦੇ ਸੰਕੇਤ ਦਿੱਤੇ। ਦੋਵਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਦਿੱਲੀ ਕਮੇਟੀ ’ਚ ਇਸ ਸਮੇਂ ਜ਼ਿਆਦਾਤਰ ਨੌਜਵਾਨ ਮੈਂਬਰ ਹਨ ਜਿਨ੍ਹਾਂ ਤੋਂ ਉਤਸ਼ਾਹਤ ਹੋਇਆ ਨੌਜਵਾਨ ਵਰਗ ਹੁਣ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਲ ਹੋਣ ਲਈ ਅੱਗੇ ਆ ਰਿਹਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਧਦੀ ਧਰਮ ਤਬਦੀਲੀ ’ਚ ਨਿਘਾਰ ਲਿਆਉਣ ਲਈ ਸ਼ੁਰੂ ਕੀਤੀ ਗਈ ‘ਧਰਮ ਜਾਗਰੂਕਤਾ ਲਹਿਰ’ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਹੈ। ਪੰਜਾਬ ’ਚ ਬੀਤੇ ਦਿਨੀਂ 12 ਪਰਿਵਾਰਾਂ ਨੇ ਸਿੱਖ ਧਰਮ ’ਚ ਮੁੜ ਵਾਪਸੀ ਕੀਤੀ ਹੈ। ਸਾਡੀਆਂ ਟੀਮਾਂ ਪਿੰਡ-ਪਿੰਡ ’ਚ ਘਰ-ਘਰ ਜਾ ਕੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਲੋਕਾਂ ਨੂੰ ਧਰਮ ਪ੍ਰਤੀ ਜਾਗਰੂਕ ਕਰ ਰਹੀਆਂ ਹਨ। ਇਸੇ ਦਾ ਸਿੱਟਾ ਹੈ ਕਿ ਸੁੱਤੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਹੁਣ ਨੀਂਦ ਖੁੱਲ੍ਹੀ ਹੈ ।

ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਅਮਰਜੀਤ ਸਿੰਘ ਫਤਿਹ ਨਗਰ, ਹਰਜੀਤ ਸਿੰਘ ਪੱਪਾ, ਗੁਰਦੇਵ ਸਿੰਘ, ਭੁਪਿੰਦਰ ਸਿੰਘ ਗਿੰਨੀ, ਰਮਨਜੋਤ ਸਿੰਘ ਮੀਤਾ ਤੇ ਜਸਪ੍ਰੀਤ ਸਿੰਘ ਵਿੱਕੀ ਮਾਨ ਵੀ ਮੌਜ਼ੂਦ ਸਨ।


Rakesh

Content Editor

Related News