ਭਾਰਤ ਨੇ ਹਰਮੀਤ ਸਿੰਘ ਸਣੇ ਖਾਲਿਸਤਾਨ ਪੱਖੀਆਂ ਦੇ ਨਾਂ ਪਾਕਿ ਨਾਲ ਕੀਤੇ ਸਨ ਸਾਂਝੇ

01/31/2020 2:38:40 PM

ਨਵੀਂ ਦਿੱਲੀ— ਹਰਮੀਤ ਸਿੰਘ ਉਰਫ ਹੈਪੀ ਪੀਐੱਚਡੀ ਜੋ ਕਿ ਬੀਤੇ ਸੋਮਵਾਰ ਨੂੰ ਪਾਕਿਸਤਾਨ 'ਚ ਮਾਰਿਆ ਗਿਆ ਹੈ, ਦਾ ਨਾਂ ਭਾਰਤ ਵੱਲੋਂ ਪਿਛਲੇ ਸਾਲ ਪਾਕਿਸਤਾਨ ਨੂੰ ਸੌਂਪੀ ਖਾਲਿਸਤਾਨ ਪੱਖੀ ਉਨ੍ਹਾਂ 15 ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਸੀ, ਜੋ ਪਾਕਿਸਤਾਨ 'ਚ ਸਰਗਰਮ ਹਨ। ਇਹ ਅੱਤਵਾਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮਾਗਮਾਂ ਨੂੰ ਮਨਾਉਣ ਦੀ ਤਿਆਰੀ ਵੱਜੋਂ ਪਾਕਿਸਤਾਨ 'ਚ ਬੀਤੇ ਸਾਲ ਨਵੰਬਰ ਮਹੀਨੇ 'ਚ ਸਰਗਰਮ ਸੀ।

ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਕਥਿਤ ਮੁੱਖੀ ਹਰਮੀਤ ਸਿੰਘ ਉਰਫ ਹੈਪੀ ਪੀਐੱਚਡੀ. ਨੂੰ ਪਿਛਲੇ ਦਿਨੀਂ ਵਾਹਗਾ ਸਰਹੱਦ ਨੇੜੇ ਪੈਂਦੇ ਇਕ ਗੁਰਦੁਆਰੇ ਦੇ ਬਾਹਰ ਵਿੱਤੀ ਲੈਣ-ਦੇਣ ਨੂੰ ਲੈ ਕੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ ਸੀ। ਭਾਰਤੀ ਖੁਫੀਆ ਏਜੰਸੀਆਂ ਮੁਤਾਬਕ ਭਾਰਤ ਨੇ ਪਾਕਿਸਤਾਨ ਵਿਚ ਸਰਗਰਮ ਖਾਲਿਸਤਾਨੀ ਪੱਖੀ 15 ਖਾੜਕੂਆਂ ਬਾਰੇ ਤਸਵੀਰਾਂ ਸਣੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ ਅਤੇ ਇਹ ਸੂਚੀ ਕਰਤਾਰਪੁਰ ਲਾਂਘੇ ਸਬੰਧੀ ਦੂਜੇ ਗੇੜ ਦੀ ਵਾਹਗਾ ਵਿਚ ਹੋਈ ਗੱਲਬਾਤ ਦੌਰਾਨ ਪਿਛਲੇ ਸਾਲ ਜੁਲਾਈ 'ਚ ਦਿੱਤੀ ਗਈ ਸੀ ਜੋ ਕਿ ਭਾਰਤ ਵਿਰੁੱਧ ਗਤੀਵਿਧੀਆਂ 'ਚ ਲੱਗੇ ਹੋਏ ਸਨ। ਇਨ੍ਹਾਂ 'ਚੋਂ ਗੋਪਾਲ ਸਿੰਘ ਚਾਵਲਾ ਦੇ ਫੇਸਬੁੱਕ ਖਾਤੇ 'ਚ ਲੱਗੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ।

ਇਨ੍ਹਾਂ 15 ਅੱਤਵਾਦੀਆਂ 'ਚ ਜਗਰੂਪ ਸਿੰਘ ਰੂਪਾ ਵੀ ਸ਼ਾਮਲ ਸੀ, ਉਹ 2016 'ਚ ਇਕ ਜੱਥੇ ਨਾਲ ਪਾਕਿਸਤਾਨ ਗਿਆ ਸੀ। ਉਸ ਨੂੰ ਭਗੌੜੇ ਅੱਤਵਾਦੀ ਲਖਵੀਰ ਸਿੰਘ ਰੋਡੇ ਅਤੇ ਹਰਮੀਤ ਸਿੰਘ ਨੇ ਭਾਰਤ 'ਚ ਹਮਲੇ ਕਰਨ ਦੀ ਟ੍ਰੇਨਿੰਗ ਦਿੱਤੀ ਸੀ। ਜਗਰੂਪ ਜੋ ਕਿ ਅੰਮ੍ਰਿਤਸਰ ਨਾਲ ਸਬੰਧਤ ਹੈ, ਨੂੰ ਕਥਿਤ ਤੌਰ 'ਤੇ ਬ੍ਰਿਗੇਡੀਅਰ (ਰਿਟਾਇਰਡ) ਜਗਦੀਸ਼ ਕੁਮਾਰ ਗਗਨੇਜਾ ਜੋ ਪੰਜਾਬ 'ਚ ਆਰ. ਐੱਸ. ਐੱਸ. ਦਾ ਉਪ ਪ੍ਰਧਾਨ ਸੀ, ਦੇ ਕਤਲ ਦਾ ਦੋਸ਼ੀ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਇਸ ਸੂਚੀ 'ਚ ਹਰਦੀਪ ਸਿੰਘ ਉਰਫ ਸ਼ੇਰਾ, ਰਮਨਦੀਪ ਸਿੰਘ ਉਰਫ ਕੈਨੇਡੀਅਨ ਉਰਫ ਬੱਗਾ, ਧਰਮਿੰਦਰ ਸਿੰਘ ਉਰਫ ਗੁਗਨੀ, ਅਨਿਲ ਕੁਮਾਰ ਉਰਫ ਕਾਲਾ, ਜਗਤਾਰ ਸਿੰਘ ਜੌਹਲ ਉਰਫ ਜੱਗੀ ਉਰਫ ਜੌਹਰ, ਅਮਰਿੰਦਰ ਸਿੰਘ ਊਰਫ ਮਿੰਦੂ, ਮਨਪ੍ਰੀਤ ਸਿੰਘ ਮਨੀ, ਰਵੀਪਾਲ ਸਿੰਘ ਉਰਫ ਭੂੰਡਾ ਦੇ ਨਾਂ ਇਸ ਸੂਚੀ 'ਚ ਸ਼ਾਮਲ ਹਨ।


Tarsem Singh

Content Editor

Related News