ਯੂਕ੍ਰੇਨ ’ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਰਜੋਤ ਸਿੰਘ ਦੀ ਅੱਜ ਹੋਵੇਗੀ ਵਤਨ ਵਾਪਸੀ
Monday, Mar 07, 2022 - 11:32 AM (IST)
ਨੈਸ਼ਨਲ ਡੈਸਕ– ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮੋਦੀ ਸਰਕਾਰ ਕੋਸ਼ਿਸ਼ਾਂ ’ਚ ਜੁਟੀ ਹੋਈ ਹੈ। ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਦੀ ਅੱਜ ਵਤਨ ਵਾਪਸੀ ਹੋਵੇਗੀ। ਉਨ੍ਹਾਂ ਨੂੰ ਭਾਰਤ ਸਰਕਾਰ ਵਤਨ ਵਾਪਸ ਲੈ ਕੇ ਆ ਰਹੀ ਹੈ। ਦਿੱਲੀ ਦੇ ਰਹਿਣ ਵਾਲੇ ਹਰਜੋਤ ਸਿੰਘ ਨੂੰ ਆਪ੍ਰੇਸ਼ਨ ਗੰਗਾ ਤਹਿਤ ਦਿੱਲੀ ਲਿਆਂਦਾ ਜਾਵੇਗਾ।ਇਸ ਬਾਬਤ ਜਾਣਕਾਰੀ ਪੋਲੈਂਡ ’ਚ ਮੌਜੂਦ ਕੇਂਦਰੀ ਮੰਤਰੀ ਵੀ. ਕੇ. ਸਿੰਘ ਨੇ ਦਿੱਤੀ। ਵੀ. ਕੇ. ਸਿੰਘ ਨੇ ਟਵੀਟ ਕਰ ਦੱਸਿਆ, ‘‘ਹਰਜੋਤ ਸਿੰਘ ਉਹ ਭਾਰਤੀ ਹਨ, ਜਿਨ੍ਹਾਂ ਨੂੰ ਕੀਵ ’ਚ ਜੰਗ ਦੌਰਾਨ ਗੋਲੀ ਲੱਗ ਗਈ ਸੀ। ਹਫ਼ੜਾ-ਦਫੜੀ ’ਚ ਉਨ੍ਹਾਂ ਦਾ ਪਾਸਪੋਰਟ ਵੀ ਗੁਆਚ ਗਿਆ ਸੀ। ਖੁਸ਼ੀ ਨਾਲ ਸੂਚਿਤ ਕਰ ਰਿਹਾ ਹਾਂ ਕਿ ਹਰਜੋਤ ਸੋਮਵਾਰ ਨੂੰ ਭਾਰਤ ਸਾਡੇ ਨਾਲ ਪਹੁੰਚ ਰਹੇ ਹਨ। ਆਸ ਹੈ ਕਿ ਘਰ ਦਾ ਖਾਣਾ ਅਤੇ ਦੇਖਭਾਲ ਨਾਲ ਜਲਦੀ ਹੀ ਸਿਹਤਮੰਦ ਹੋ ਜਾਣਗੇ।
ਇਹ ਵੀ ਪੜ੍ਹੋ: ਯੂਕ੍ਰੇਨ ’ਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਦੇ ਇਲਾਜ ਦਾ ਖਰਚ ਚੁੱਕੇਗੀ ਸਰਕਾਰ: ਵਿਦੇਸ਼ ਮੰਤਰਾਲਾ
ਓਧਰ ਪੋਲੈਂਡ ਬਾਰਡਰ ਕ੍ਰਾਸ ਕਰਨ ਤੋਂ ਪਹਿਲਾਂ ਹਰਜੋਤ ਨੇ ਆਪਣਾ ਇਕ ਵੀਡੀਓ ਸੰਦੇਸ਼ ਭੇਜਿਆ ਹੈ ਅਤੇ ਭਾਰਤ ਦਾ ਧੰਨਵਾਦ ਕੀਤਾ ਹੈ। ਹਰਜੋਤ ਨੇ ਦੱਸਿਆ ਕਿ ਉਹ ਅਜੇ ਐਂਬੂਲੈਂਸ ’ਚ ਹਨ ਅਤੇ ਸਭ ਠੀਕ ਹੈ। ਜਹਾਜ਼ ’ਚ ਬੋਰਡਿੰਗ ਕਰਦੇ ਹੋਏ ਉਹ ਵੀਡੀਓ ਨਹੀਂ ਬਣਾ ਸਕੇਗਾ, ਇਸ ਲਈ ਉਹ ਹੁਣ ਆਪਣਾ ਸੰਦੇਸ਼ ਵੀਡੀਓ ਜ਼ਰੀਏ ਸਾਰਿਆਂ ਤਕ ਪਹੁੰਚਾਉਣਾ ਚਾਹੁੰਦਾ ਹੈ। ਹੁਣ ਤਕ ਦਾ ਸਫ਼ਰ ਕਾਫੀ ਮੁਸ਼ਕਲਾਂ ਭਰਿਆ ਸੀ ਪਰ ਦਿਲ ’ਚ ਖੁਸ਼ੀ ਸੀ ਕਿ ਉਸ ਨੂੰ ਆਪਣੇ ਦੇਸ਼ ਵਾਪਸ ਜਾਣਾ ਹੀ ਜਾਣਾ ਹੈ।
ਇਹ ਵੀ ਪੜ੍ਹੋ: ਕਸ਼ਮੀਰ ’ਚ ਰਹਿਣ ਵਾਲੀ ਯੂਕ੍ਰੇਨੀ ਕੁੜੀ ਨੇ PM ਮੋਦੀ ਨੂੰ ਲਾਈ ਗੁਹਾਰ, ਕਿਹਾ- ਖਤਰੇ ’ਚ ਪੇਕੇ, ਮਦਦ ਕਰੋ ਸਰਕਾਰ
ਦੱਸ ਦੇਈਏ ਕਿ ਹਰਜੋਤ ਸਿੰਘ ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਆਪਣੇ ਦੋਸਤਾਂ ਨਾਲ 27 ਫਰਵਰੀ ਨੂੰ ਭਾਰਤ ਵਾਪਸ ਆਉਣ ਲਈ ਨਿਕਲੇ ਸਨ। ਟਰੇਨ 'ਚ ਜਗ੍ਹਾ ਘੱਟ ਹੋਣ ਕਾਰਨ ਪੋਲੈਂਡ ਦੀ ਸਰਹੱਦ 'ਤੇ ਪਹੁੰਚਣ ਲਈ ਕੈਬ ਦੀ ਮਦਦ ਲਈ ਪਰ ਰਸਤੇ 'ਚ ਉਸ ਨੂੰ ਰੋਕ ਕੇ ਵਾਪਸ ਜਾਣ ਲਈ ਕਿਹਾ ਗਿਆ ਅਤੇ ਜਿਵੇਂ ਹੀ ਕੈਬ ਨੇ ਯੂ-ਟਰਨ ਲਿਆ ਤਾਂ ਗੋਲੀਬਾਰੀ ਸ਼ੁਰੂ ਹੋ ਗਈ। ਇਸ ਗੋਲੀਬਾਰੀ ਵਿਚ ਹਰਜੋਤ ਸਿੰਘ ਨੂੰ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਇਸ ਦੌਰਾਨ ਹਫੜਾ-ਦਫੜੀ ਵਿਚਾਲੇ ਉਸ ਦਾ ਪਾਸਪੋਰਟ ਵੀ ਗੁੰਮ ਹੋ ਗਿਆ। ਹਰਜੋਤ ਨੂੰ ਕੀਵ ਸਿਟੀ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਅੱਜ ਫੋਨ ’ਤੇ ਗੱਲ ਕਰਨਗੇ PM ਮੋਦੀ
ਇਸ ਪੂਰੇ ਮਾਮਲੇ ਦੀ ਸੂਚਨਾ ਮਿਲਦੇ ਹੀ ਭਾਰਤ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ। ਦੂਤਘਰ ਰਾਹੀਂ ਉਸ ਦੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੁਣ ਹਰਜੋਤ ਭਾਰਤ ਵਾਪਸ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਯੂਕਰੇਨ-ਰੂਸ ਜੰਗ ਕਾਰਨ ਉੱਥੇ ਫਸੇ ਭਾਰਤੀਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਨੇ 'ਆਪ੍ਰੇਸ਼ਨ ਗੰਗਾ' ਮੁਹਿੰਮ ਸ਼ੁਰੂ ਕੀਤੀ ਹੈ, ਜੋ ਹੁਣ ਆਪਣੇ ਆਖਰੀ ਪੜਾਅ 'ਤੇ ਪਹੁੰਚ ਰਹੀ ਹੈ।