ਨਿੱਕੀ ਉਮਰ ’ਚ ਵੱਡੀ ਪੁਲਾਂਘ, ਏਸ਼ੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋਇਆ 6 ਸਾਲ ਦੇ ਬੱਚੇ ਦਾ ਨਾਂ
Tuesday, Dec 13, 2022 - 03:25 PM (IST)
ਯਮੁਨਾਨਗਰ (ਸੁਮਿਤ)- ਜਜ਼ਬਾ ਹੋਵੇ ਤਾਂ ਆਸਮਾਨ ਨੂੰ ਛੂਹਣ ਦਾ ਹੌਂਸਲਾ ਵੀ ਆ ਹੀ ਜਾਂਦਾ ਹੈ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਹਰਿਆਣਾ ਦੇ ਯਮੁਨਾਨਗਰ ਦੇ 6 ਸਾਲਾ ਗੁਰਵੀਰ ਨੇ। ਗੁਰਵੀਰ ਨੇ ਆਪਣੇ ਮਿਹਨਤ ਸਦਕਾ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਛੋਟੀ ਜਿਹੀ ਉਮਰ ਵਿਚ ਗੁਰਵੀਰ ਨੇ ਇਹ ਮੁਕਾਮ ਹਾਸਲ ਕੀਤਾ ਹੈ। ਸਿਰਫ਼ 6 ਸਾਲ ਦਾ ਗੁਰਵੀਰ 30 ਸਕਿੰਟ ਵਿਚ 10 ਕਿਲੋ ਵਜ਼ਨ ਨਾਲ 20 ਦੰਡ ਬੈਠਕਾਂ ਲਾ ਲੈਂਦਾ ਹੈ। ਇਸ ਦੇ ਚੱਲਦੇ ਉਸ ਨੇ 30 ਸਕਿੰਟ ’ਚ 10 ਕਿਲੋ ਵਜ਼ਨ ਦੀ ਰੋਡ ਨਾਲ 20 ਦੰਡ ਬੈਠਕਾਂ ਲਾ ਕੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ’ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਦੱਸ ਦੇਈਏ ਕਿ ਗੁਰਵੀਰ ਅਜੇ ਪਹਿਲੀ ਜਮਾਤ ਵਿਚ ਪੜ੍ਹਦਾ ਹੈ। ਗੁਰਵੀਰ ਦੇ ਪਿਤਾ ਵੀ ਵੇਟਲਿਫਟਿੰਗ ’ਚ ਕੌਮਾਂਤਰੀ ਪੱਧਰ ’ਤੇ ਖੇਡ ਚੁੱਕੇ ਹਨ। ਹੁਣ ਉਹ ਏਅਰਫੋਰਸ ’ਚ ਬੱਚਿਆਂ ਨੂੰ ਸਿਖਲਾਈ ਦਿੰਦੇ ਹਨ। ਪੀੜ੍ਹੀ ਦਰ ਪੀੜ੍ਹੀ ਇਸ ਪਰੰਪਰਾ ਨੂੰ ਨਿਭਾਉਂਦੇ ਹੋਏ ਗੁਰਮੇਲ ਸਿੰਘ ਦੇ ਦਾਦਾ ਵੀ ਵੇਟਲਿਫਟਰ ਸਨ ਅਤੇ ਉਨ੍ਹਾਂ ਦੇ ਪਿਤਾ ਵੀ ਵੇਟਲਿਫਟਿੰਗ ਵਿਚ ਕਈ ਉਪਲੱਬਧੀਆਂ ਪ੍ਰਾਪਤ ਕਰ ਚੁੱਕੇ ਹਨ।
ਗੁਰਮੇਲ ਖ਼ੁਦ ਆਪ ਅਤੇ ਉਨ੍ਹਾਂ ਦੀ ਚੌਥੀ ਪੀੜ੍ਹੀ ਗੁਰਵੀਰ ਸਿੰਘ ਨੂੰ ਵੀ ਉਹ ਇਸੇ ਖੇਤਰ ’ਚ ਤਿਆਰ ਕਰ ਰਹੇ ਹਨ। ਛੋਟੀ ਜਿਹੀ ਉਮਰ ਵਿਚ ਆਪਣੇ ਪੁੱਤਰ ਦੇ ਜਜ਼ਬੇ ਨੂੰ ਵੇਖ ਕੇ ਪਰਿਵਾਰ ਵੀ ਬੇਹੱਦ ਖੁਸ਼ ਹੈ। ਏਸ਼ੀਆ ਦੇ ਸਭ ਤੋਂ ਛੋਟੀ ਉਮਰ ਦਾ ਵੇਟਲਿਫਟਰ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।