ਏਅਰ ਹੋਸਟੈੱਸ ਜਿਨਸੀ ਸ਼ੋਸ਼ਣ ਮਾਮਲਾ: ਪੁਲਸ ਦੇ ਹੱਥ ਨਹੀਂ ਲੱਗ ਕੋਈ ਸੁਰਾਗ
Wednesday, Apr 16, 2025 - 04:42 PM (IST)

ਗੁਰੂਗ੍ਰਾਮ- ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਵੈਂਟੀਲੇਟਰ 'ਤੇ ਪਈ ਏਅਰ ਹੋਸਟੈੱਸ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੇਦਾਂਤਾ ਹਸਪਤਾਲ ਨੇ ਕਿਹਾ ਕਿ ਦੋਸ਼ਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਅਤੇ ਉਹ ਜਾਂਚ ਵਿਚ ਪੂਰਾ ਸਹਿਯੋਗ ਕਰ ਰਿਹਾ ਹੈ। ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੰਜੇ ਦੁਰਾਨੀ ਨੇ ਇਕ ਬਿਆਨ 'ਚ ਕਿਹਾ ਕਿ ਹਸਪਤਾਲ ਦੇ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਸਮੇਤ ਸਾਰੇ ਸੰਬੰਧਿਤ ਦਸਤਾਵੇਜ਼ ਗੁਰੂਗ੍ਰਾਮ ਪੁਲਸ ਨੂੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਦੋਸ਼ ਦੀ ਪੁਸ਼ਟੀ ਨਹੀਂ ਹੋਈ ਹੈ।
46 ਸਾਲਾ ਪੀੜਤ ਔਰਤ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਉਹ ਆਪਣੀ ਕੰਪਨੀ ਵੱਲੋਂ ਸਿਖਲਾਈ ਲਈ ਗੁਰੂਗ੍ਰਾਮ ਆਈ ਸੀ ਅਤੇ ਇਕ ਹੋਟਲ 'ਚ ਠਹਿਰੀ ਹੋਈ ਸੀ। ਸ਼ਿਕਾਇਤ ਮੁਤਾਬਕ ਉਸ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਪੀੜਤਾ ਦੇ ਪਤੀ ਨੇ 5 ਅਪ੍ਰੈਲ ਨੂੰ ਉਸ ਨੂੰ ਗੁਰੂਗ੍ਰਾਮ ਦੇ ਇਕ ਹੋਰ ਹਸਪਤਾਲ 'ਚ ਦਾਖਲ ਕਰਵਾਇਆ। ਹਾਲਾਂਕਿ 13 ਅਪ੍ਰੈਲ ਨੂੰ ਛੁੱਟੀ ਮਿਲਣ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਹਸਪਤਾਲ ਵਿਚ ਹੋਏ ਦੁਰਵਿਵਹਾਰ ਦੀ ਦਰਦਨਾਕ ਕਹਾਣੀ ਦੱਸੀ। ਸ਼ਿਕਾਇਤ 'ਚ ਔਰਤ ਨੇ ਕਿਹਾ ਕਿ 6 ਅਪ੍ਰੈਲ ਨੂੰ ਜਦੋਂ ਮੈਂ ਵੈਂਟੀਲੇਟਰ 'ਤੇ ਸੀ, ਹਸਪਤਾਲ ਦੇ ਕੁਝ ਸਟਾਫ ਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ।
ਔਰਤ ਨੇ ਕਿਹਾ ਕਿ ਕਿਉਂਕਿ ਉਹ ਵੈਂਟੀਲੇਟਰ 'ਤੇ ਸੀ, ਉਹ ਬੋਲਣ ਤੋਂ ਅਸਮਰੱਥ ਸੀ ਅਤੇ ਬਹੁਤ ਡਰੀ ਹੋਈ ਸੀ। ਉਸ ਨੇ ਦੱਸਿਆ ਕਿ ਅੱਧੀ ਬੇਹੋਸ਼ੀ ਦੀ ਹਾਲਤ ਵਿਚ ਸੀ ਅਤੇ ਘਟਨਾ ਦੌਰਾਨ ਦੋ ਨਰਸਾਂ ਉਸਦੇ ਆਲੇ-ਦੁਆਲੇ ਸਨ ਪਰ ਉਨ੍ਹਾਂ ਨੇ ਦਖਲ ਨਹੀਂ ਦਿੱਤਾ। ਹਸਪਤਾਲ ਨੇ ਬਿਆਨ ਵਿਚ ਕਿਹਾ ਕਿ ਸਾਨੂੰ ਇਕ ਮਰੀਜ਼ ਦੀ ਸ਼ਿਕਾਇਤ ਬਾਰੇ ਪਤਾ ਲੱਗਾ ਹੈ ਅਤੇ ਅਸੀਂ ਸਬੰਧਤ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਜਾਂਚ 'ਚ ਪੂਰਾ ਸਹਿਯੋਗ ਕਰ ਰਹੇ ਹਾਂ। ਗੁਰੂਗ੍ਰਾਮ ਪੁਲਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਅਸੀਂ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਸੋਮਵਾਰ ਨੂੰ ਸਦਰ ਪੁਲਸ ਸਟੇਸ਼ਨ 'ਚ ਹਸਪਤਾਲ ਦੇ ਅਣਪਛਾਤੇ ਕਰਮਚਾਰੀਆਂ ਵਿਰੁੱਧ FIR ਦਰਜ ਕੀਤੀ ਗਈ।