ਗੁਲਮਰਗ ’ਚ ਰਹੀ ਮੌਸਮ ਦੀ ਸਭ ਤੋਂ ਠੰਢੀ ਰਾਤ, ਘੱਟੋ-ਘੱਟ ਤਾਪਮਾਨ ਸਿਫਰ ਤੋਂ 8.8 ਡਿਗਰੀ ਹੇਠਾਂ

Tuesday, Jan 06, 2026 - 12:03 AM (IST)

ਗੁਲਮਰਗ ’ਚ ਰਹੀ ਮੌਸਮ ਦੀ ਸਭ ਤੋਂ ਠੰਢੀ ਰਾਤ, ਘੱਟੋ-ਘੱਟ ਤਾਪਮਾਨ ਸਿਫਰ ਤੋਂ 8.8 ਡਿਗਰੀ ਹੇਠਾਂ

ਸ਼੍ਰੀਨਗਰ, (ਭਾਸ਼ਾ, ਰੌਸ਼ਨੀ)- ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ ’ਚ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ, ਜਿੱਥੇ ਪਾਰਾ ਡਿੱਗ ਕੇ ਸਿਫਰ ਤੋਂ ਲੱਗਭਗ 9 ਡਿਗਰੀ ਹੇਠਾਂ ਪਹੁੰਚ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ’ਚ ਸਥਿਤ ਮਸ਼ਹੂਰ ਸਕੀ ਰਿਜ਼ਾਰਟ ਗੁਲਮਰਗ ’ਚ ਐਤਵਾਰ ਨੂੰ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਘੱਟੋ-ਘੱਟ ਤਾਪਮਾਨ ਸਿਫਰ ਤੋਂ 8.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੰਘੀਆਂ 2 ਰਾਤਾਂ ਤੋਂ ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 6.5 ਡਿਗਰੀ ਸੈਲਸੀਅਸ ਹੇਠਾਂ ਬਣਿਆ ਹੋਇਆ ਸੀ।

ਉੱਥੇ ਹੀ, ਸ਼੍ਰੀਨਗਰ ’ਚ ਐਤਵਾਰ ਰਾਤ ਘੱਟੋ-ਘੱਟ ਤਾਪਮਾਨ ’ਚ ਮਾਮੂਲੀ ਗਿਰਾਵਟ ਆਈ ਅਤੇ ਇਹ ਸਿਫਰ ਤੋਂ 3.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜਦੋਂ ਕਿ ਸ਼ਨੀਵਾਰ ਰਾਤ ਇਹ ਤਾਪਮਾਨ ਸਿਫਰ ਤੋਂ 3.2 ਡਿਗਰੀ ਸੈਲਸੀਅਸ ਹੇਠਾਂ ਸੀ। ਦੱਖਣੀ ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 4.8 ਡਿਗਰੀ ਸੈਲਸੀਅਸ ਹੇਠਾਂ ਰਿਹਾ।

ਘਾਟੀ ਦੇ ਲਾਂਘਾ ਕਾਜ਼ੀਗੁੰਡ ’ਚ ਪਾਰਾ ਸਿਫਰ ਤੋਂ 2.0 ਡਿਗਰੀ ਹੇਠਾਂ, ਕੋਕਰਨਾਗ ’ਚ ਸਿਫਰ ਤੋਂ 1.2 ਡਿਗਰੀ ਹੇਠਾਂ ਅਤੇ ਉੱਤਰੀ ਕਸ਼ਮੀਰ ਦੇ ਕੁਪਵਾੜਾ ’ਚ ਸਿਫਰ ਤੋਂ 1.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਕਸ਼ਮੀਰ ਇਸ ਸਮੇਂ ‘ਚਿੱਲਾ-ਏ-ਕਲਾਂ’ ਦੇ ਦੌਰ ’ਚੋਂ ਲੰਘ ਰਿਹਾ ਹੈ, ਜੋ 40 ਦਿਨਾਂ ਦੀ ਭਿਆਨਕ ਠੰਢ ਦੀ ਮਿਆਦ ਹੁੰਦੀ ਹੈ।

ਇਸ ਦੌਰਾਨ ਰਾਤ ਦਾ ਤਾਪਮਾਨ ਅਕਸਰ ਜਮਾਅ ਬਿੰਦੂ ਤੋਂ ਕਈ ਡਿਗਰੀ ਹੇਠਾਂ ਡਿੱਗ ਜਾਂਦਾ ਹੈ। ਇਸ ਮਿਆਦ ਦੌਰਾਨ ਬਰਫ਼ਬਾਰੀ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ, ਹਾਲਾਂਕਿ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਇਸ ਸੀਜ਼ਨ ’ਚ ਹੁਣ ਤੱਕ ਕੋਈ ਬਰਫ਼ਬਾਰੀ ਨਹੀਂ ਹੋਈ ਹੈ। ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ 5 ਅਤੇ 6 ਜਨਵਰੀ ਨੂੰ ਉੱਤਰੀ ਅਤੇ ਮੱਧ ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ’ਚ ਕੁਝ ਥਾਵਾਂ ’ਤੇ ਹਲਕਾ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਅਨੁਸਾਰ ਗੁਲਮਰਗ ਅਤੇ ਸੋਨਮਰਗ ’ਚ ਤਾਜ਼ਾ ਬਰਫ਼ਬਾਰੀ ਹੋਈ ਹੈ ਪਰ ਘਾਟੀ ’ਚ ਵੱਡੀ ਬਰਫ਼ਬਾਰੀ ਅਜੇ ਤੱਕ ਨਹੀਂ ਹੋਈ। ਵਿਭਾਗ ਨੇ 20 ਜਨਵਰੀ ਤੱਕ ਆਮ ਤੌਰ ’ਤੇ ਮੌਸਮ ਖ਼ੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਜੰਮੂ ’ਚ ਅੱਜ ਰਹੇਗਾ ਯੈਲੋ ਅਲਰਟ

ਜੰਮੂ ਖੇਤਰ ’ਚ ਵੀ ਠੰਢ ਦਾ ਅਸਰ ਜਾਰੀ ਹੈ। ਜੰਮੂ ਸ਼ਹਿਰ ’ਚ ਘੱਟੋ-ਘੱਟ ਤਾਪਮਾਨ 8.7 ਡਿਗਰੀ, ਕਟੜਾ ’ਚ 5.6 ਡਿਗਰੀ, ਬਟੋਤ ’ਚ 2.1 ਡਿਗਰੀ, ਬਨਿਹਾਲ ’ਚ ਮਨਫੀ 1.3 ਅਤੇ ਭਦਰਵਾਹ ’ਚ ਮਨਫੀ 2.1 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ 6 ਜਨਵਰੀ ਲਈ ਵੀ ਜੰਮੂ ਦੇ ਮੈਦਾਨੀ ਇਲਾਕਿਆਂ ’ਚ ਧੁੰਦ ਦੇ ਨਾਲ ਸੀਤ ਲਹਿਰ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਸ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਸੋਮਵਾਰ ਨੂੰ ਜੰਮੂ ’ਚ ਪੂਰਾ ਦਿਨ ਬੱਦਲ ਛਾਏ ਰਹੇ, ਸਵੇਰੇ ਦੇਰੀ ਨਾਲ ਸੂਰਜ ਨਿਕਲਿਆ ਪਰ ਛੇਤੀ ਹੀ ਛਿਪ ਗਿਆ, ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਝੱਲਣੀ ਪਈ।


author

Rakesh

Content Editor

Related News