ਕੋਵਿਡ-19 ਦਾ ਕਹਿਰ; ਗੁਜਰਾਤ 'ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 19,500 ਤੋਂ ਪਾਰ

Wednesday, Dec 15, 2021 - 11:48 AM (IST)

ਕੋਵਿਡ-19 ਦਾ ਕਹਿਰ; ਗੁਜਰਾਤ 'ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 19,500 ਤੋਂ ਪਾਰ

ਗਾਂਧੀਨਗਰ- ਗੁਜਰਾਤ ਪ੍ਰਸ਼ਾਸਨ ਨੇ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਵਿਚ 10,000 ਨਵੀਆਂ ਮੌਤਾਂ ਨੂੰ ਜੋੜ ਦਿੱਤਾ ਹੈ। ਸੂਬੇ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਜੋ ਅੰਕੜਾ ਹੁਣ ਤੱਕ 10,098 ਸੀ, ਉਹ ਹੁਣ ਸੋਧ ਤੋਂ ਬਾਅਦ 19,964 ਹੋ ਗਿਆ ਹੈ। ਗੁਜਰਾਤ ਸਰਕਾਰ ਦੇ ਪਹਿਲਾਂ ਵੀ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਘੱਟ ਵਿਖਾਉਣ ਦਾ ਦੋਸ਼ ਲੱਗਦਾ ਰਿਹਾ ਹੈ। ਗੁਜਰਾਤ ਸਰਕਾਰ ਦੇ ਨਵੇਂ ਅੰਕੜਿਆਂ ਨੇ ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ 2 ਫ਼ੀਸਦੀ ਵਾਧਾ ਕੀਤਾ ਹੈ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4.76 ਲੱਖ ਹੈ।

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਗੁਜਰਾਤ ਸਰਕਾਰ ਨੇ ਕਿਹਾ ਸੀ ਕਿ ਸੂਬੇ 'ਚ ਕੋਰੋਨਾ ਨਾਲ 10,098 ਮੌਤਾਂ ਹੋਈਆਂ ਹਨ ਪਰ ਹੁਣ ਪ੍ਰਸ਼ਾਸਨ ਨੇ ਇਸ ਅੰਕੜੇ ਵਿਚ ਸੁਧਾਰ ਕੀਤਾ ਹੈ, ਜਿਸ ਤੋਂ ਬਾਅਦ ਸੂਬੇ 'ਚ ਮੌਤਾਂ ਦਾ ਅੰਕੜਾ ਵਧ ਕੇ 19,964 ਹੋ ਗਿਆ ਹੈ।

ਦਰਅਸਲ ਪ੍ਰਸ਼ਾਸਨ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਲਈ 34,678 ਬੇਨਤੀਆਂ ਮਿਲੀਆਂ ਸਨ, ਜਿਸ 'ਚੋਂ 19,964 ਬਿਨੈਕਾਰਾਂ ਨੂੰ ਵੈਧ ਮੰਨਦੇ ਹੋਏ ਮੁਆਵਜ਼ੇ ਦੀ ਰਾਸ਼ੀ ਦੇ ਦਿੱਤੀ। ਕੋਰੋਨਾ ਨਾਲ ਮਰਨ ਵਾਲੇ ਲੋਕਾਂ ਨੂੰ ਮੁਆਵਜ਼ੇ ਦੇਣ ਨੂੰ ਲੈ ਕੇ ਗੁਜਰਾਤ ਅਤੇ ਮਹਾਰਾਸ਼ਟਰ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਖ਼ਲ ਕਰ ਦਿੱਤਾ ਹੈ, ਜਦਕਿ ਹੋਰ ਸੂਬਿਆਂ ਵਲੋਂ ਹਲਫ਼ਨਾਮਾ ਦਾਖ਼ਲ ਕੀਤਾ ਜਾਣਾ ਬਾਕੀ ਹੈ।


author

Tanu

Content Editor

Related News