14 ਦਿਨ ਦੇ ਇਕਾਂਤਵਾਸ ਦਾ ਸਹੁੰ ਪੱਤਰ ਦੇਣ ਤੋਂ ਬਾਅਦ ਮਿਲੇਗੀ ਜਹਾਜ਼ ''ਚ ਐਂਟਰੀ
Monday, May 25, 2020 - 02:22 AM (IST)
ਨਵੀਂ ਦਿੱਲੀ (ਭਾਸ਼ਾ): ਸਿਹਤ ਮੰਤਰਾਲਾ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਜਹਾਜ਼ਾਂ ਲਈ ਐਤਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਇਕ ਸਹੁੰ ਪੱਤਰ ਦੇਣਾ ਹੋਵੇਗਾ ਕਿ ਉਹ 14 ਦਿਨ ਲਈ ਲਾਜ਼ਮੀ ਤੌਰ 'ਤੇ ਇਕਾਂਤਵਾਸ ਵਿਚ ਰਹਿਣਗੇ। ਇਹ ਦਿਸ਼ਾ-ਨਿਰਦੇਸ਼ ਉਦੋਂ ਆਏ ਹਨ ਜਦੋਂ ਇਕ ਦਿਨ ਪਹਿਲਾਂ ਸਿਵਲ ਏਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਅਗਸਤ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦਾ ਸੰਚਾਲਨ ਬਹਾਲ ਕਰਨ ਦੀ ਕੋਸ਼ਿਸ਼ ਕਰੇਗਾ।
ਭਾਰਤ ਵਿਚ 25 ਮਾਰਚ ਤੋਂ ਬਾਅਦ ਸਾਰੀਆਂ ਵਪਾਰਕ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ 14 ਦਿਨ ਦੇ ਲਾਜ਼ਮੀ ਇਕਾਂਤਵਾਸ ਵਿਚੋਂ 7 ਦਿਨ ਲਈ ਕਿਸੇ ਆਈਸੋਲੇਸ਼ਨ ਵਾਰਡ ਵਿਚ ਰਹਿਣ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਅਗਲੇ 7 ਦਿਨ ਤੱਕ ਘਰ ਵਿਚ ਹੀ ਇਕਾਂਤਵਾਸ ਵਿਚ ਰਹਿਣਾ ਹੋਵੇਗਾ।