ਦੀਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ, ਸਰਕਾਰ ਨੇ ਦਿੱਤਾ ਤੋਹਫ਼ਾ
Friday, Sep 05, 2025 - 12:20 PM (IST)

ਨਵੀਂ ਦਿੱਲੀ- ਜੀਐੱਸਟੀ (ਵਸਤੂ ਅਤੇ ਸੇਵਾ ਟੈਕਸ) ਕੌਂਸਲ ਨੇ ਬੁੱਧਵਾਰ ਨੂੰ ਟੈਕਸ ਦਰਾਂ 'ਚ ਵੱਡੇ ਸੁਧਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਰੋਟੀ, ਪਰੌਂਠੇ ਤੋਂ ਲੈ ਕੇ ਟੀਵੀ, ਛੋਟੀਆਂ ਕਾਰਾਂ, ਸਾਬਣ, ਸ਼ੈਂਪੂ, ਟੂਥਪੇਸਟ, ਆਈਸਕ੍ਰੀਮ ਅਤੇ ਹੇਅਰ ਆਇਲ ਵਰਗੀਆਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਨਿੱਜੀ ਸਿਹਤ ਤੇ ਜੀਵਨ ਬੀਮਾ ਪ੍ਰੀਮੀਅਮ 'ਤੇ ਵੀ ਜੀਐੱਸਟੀ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ।
ਦੋ ਹੀ ਟੈਕਸ ਸਲੈਬ: 5% ਅਤੇ 18%
ਕੌਂਸਲ ਨੇ ਮੌਜੂਦਾ ਚਾਰ ਸਲੈਬਾਂ (5%, 12%, 18% ਅਤੇ 28%) ਦੀ ਥਾਂ ਸਿਰਫ਼ ਦੋ ਸਲੈਬ — 5% ਅਤੇ 18% — ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਤੰਬਾਕੂ, ਸਿਗਰਟ, ਗੁਟਖਾ ਵਰਗੀਆਂ ਚੀਜ਼ਾਂ ਅਤੇ ਕੁਝ ਚੁਣਿੰਦਾ ਉਤਪਾਦਾਂ 'ਤੇ 40% ਦਾ ਖ਼ਾਸ ਸਲੈਬ ਲਾਗੂ ਹੋਵੇਗਾ।
ਖਾਣ-ਪੀਣ ਦੀਆਂ ਚੀਜ਼ਾਂ 'ਤੇ ਵੱਡੀ ਰਾਹਤ
- ਰੋਟੀ, ਪਿਜ਼ਾ ਬ੍ਰੇਡ, ਪਨੀਰ, ਛੇਨਾ, ਪਰੌਂਠਾ ਤੇ ਖਾਖਰਾ 'ਤੇ ਹੁਣ ਕੋਈ ਜੀਐੱਸਟੀ ਨਹੀਂ ਲੱਗੇਗਾ।
- ਮੱਖਣ, ਘਿਓ, ਸੁੱਕੇ ਮੇਵੇ, ਫਲਾਂ ਦੇ ਰਸ, ਜੈਮ, ਆਈਸਕ੍ਰੀਮ, ਪੇਸਟਰੀ, ਬਿਸਕੁਟ, ਮਿਠਾਈਆਂ, ਕੌਰਨਫਲੇਕਸ ਆਦਿ 'ਤੇ ਟੈਕਸ 12% ਜਾਂ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
ਹੋਰ ਸਮਾਨ ਹੋਏ ਸਸਤੇ
- ਟੂਥਪੇਸਟ, ਸਾਬਣ, ਸ਼ੈਂਪੂ, ਟੈਲਕਮ ਪਾਊਡਰ, ਟੁੱਥਬਰਸ਼ ਤੇ ਹੇਅਰ ਆਇਲ 'ਤੇ ਟੈਕਸ 18% ਤੋਂ ਘਟਾ ਕੇ 5% ਹੋ ਗਿਆ।
- ਸਾਈਕਲ, ਛਤਰੀ, ਬਰਤਨ, ਬਾਂਸ ਦੇ ਫਰਨੀਚਰ, ਕੰਘੀ ਆਦਿ ਉਤਪਾਦਾਂ 'ਤੇ ਵੀ ਜੀਐੱਸਟੀ 12% ਤੋਂ ਘਟਾ ਕੇ 5% ਕੀਤਾ ਗਿਆ।
- ਸੀਮੈਂਟ 'ਤੇ ਟੈਕਸ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ।
ਵਾਹਨਾਂ 'ਤੇ ਨਵੀਆਂ ਦਰਾਂ
- 1,200 ਸੀਸੀ ਤੱਕ ਦੀ ਪੈਟਰੋਲ, LPG, CNG ਕਾਰਾਂ ਅਤੇ 1,500 ਸੀਸੀ ਤੱਕ ਦੀ ਡੀਜ਼ਲ ਕਾਰਾਂ 'ਤੇ ਟੈਕਸ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ।
- 350 ਸੀਸੀ ਤੱਕ ਦੀਆਂ ਮੋਟਰਸਾਈਕਲਾਂ ਅਤੇ ਟੀਵੀ, ਏਸੀ, ਡਿਸ਼ਵਾਸ਼ਰ ਵਰਗੇ ਉਪਭੋਗਤਾ ਉਤਪਾਦਾਂ 'ਤੇ ਵੀ ਟੈਕਸ 18% ਹੀ ਲੱਗੇਗਾ।
- 1,200 ਸੀਸੀ ਤੋਂ ਵੱਧ ਕਾਰਾਂ, 350 ਸੀਸੀ ਤੋਂ ਵੱਧ ਮੋਟਰਸਾਈਕਲਾਂ, ਰੇਸਿੰਗ ਕਾਰਾਂ ਅਤੇ ਜਹਾਜ਼ਾਂ 'ਤੇ 40% ਟੈਕਸ ਲਾਗੂ ਹੋਵੇਗਾ।
ਬੀਮੇ 'ਤੇ ਪੂਰੀ ਛੋਟ
ਜੀਵਨ ਬੀਮਾ ਅਤੇ ਸਿਹਤ ਬੀਮਾ ਦੀਆਂ ਪਾਲਿਸੀਆਂ 'ਤੇ ਹੁਣ ਕੋਈ ਜੀਐੱਸਟੀ ਨਹੀਂ ਲੱਗੇਗੀ, ਜਿਸ ਨਾਲ ਲੋਕਾਂ ਲਈ ਬੀਮਾ ਕਰਵਾਉਣਾ ਸਸਤਾ ਹੋਵੇਗਾ।
ਆਰਥਿਕ ਅਸਰ
ਇਸ ਫ਼ੈਸਲੇ ਨਾਲ ਸਰਕਾਰ ਨੂੰ ਲਗਭਗ 48,000 ਰੁਪਏ ਕਰੋੜ ਦਾ ਵਿੱਤੀ ਬੋਝ ਪਵੇਗਾ, ਪਰ ਅਰਥਸ਼ਾਸਤਰੀਆਂ ਮੁਤਾਬਕ ਇਹ ਸੁਧਾਰ GDP 'ਚ 0.5 ਫੀਸਦੀ ਤੱਕ ਵਾਧੇ ਦਾ ਕਾਰਨ ਬਣ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8