3 ਕਰੋੜ ਦੀ ਲਾਗਤ ਬਣ ਰਿਹਾ ਗੁਰਦੁਆਰਾ ਸਾਹਿਬ, ਦੇਸ਼-ਵਿਦੇਸ਼ ਤੋਂ ਸੰਗਤਾਂ ਭੇਜ ਰਹੀਆਂ ਹਨ ਰਾਸ਼ੀ

Monday, Sep 23, 2024 - 10:11 AM (IST)

ਮੰਡੀ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਪੰਡੋਹ 'ਚ ਬਣੇ 70 ਸਾਲ ਪੁਰਾਣੇ ਗੁਰਦੁਆਰੇ ਨੂੰ ਹੁਣ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਗੁਰਦੁਆਰੇ ਦਾ ਤਿੰਨ ਮੰਜ਼ਿਲਾ ਨਵਾਂ ਭਵਨ ਬਣਾਇਆ ਜਾ ਰਿਹਾ ਹੈ, ਜਿਸ 'ਤੇ ਕਰੀਬ 3 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਣ ਜਾ ਰਹੀ ਹੈ। ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਯੋਗਦਾਨ ਰਾਸ਼ੀ ਭੇਜ ਰਹੀਆਂ ਹਨ। ਗੁਰਦੁਆਰੇ ਦੀ ਸਾਰੀ ਉਸਾਰੀ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਹੀ ਹੈ। ਗੁਰਦੁਆਰਾ ਸਿੰਘ ਸਭਾ ਪੰਡੋਹ ਦੇ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਦਾ ਨਵਾਂ ਭਵਨ ਤਿੰਨ ਮੰਜ਼ਿਲਾ ਹੋਵੇਗਾ। ਲੰਗਰ ਹਾਲ ਹੇਠਲੀ ਮੰਜ਼ਿਲ 'ਤੇ ਬਣਾਇਆ ਜਾਵੇਗਾ ਜਦਕਿ ਪਹਿਲੀ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ। ਇਸ ਤੋਂ ਇਲਾਵਾ ਤੀਜੀ ਮੰਜ਼ਿਲ 'ਤੇ ਸ਼ਾਨਦਾਰ ਗੁੰਬਦ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਦੀ ਇਮਾਰਤ 70 ਸਾਲ ਪੁਰਾਣੀ ਹੈ, ਜਿਸ ਨੂੰ ਸਮੇਂ ਦੇ ਨਾਲ ਨਵਾਂ ਰੂਪ ਦੇਣਾ ਜ਼ਰੂਰੀ ਹੋ ਗਿਆ ਸੀ, ਜਿਸ ਕਰਕੇ ਹੁਣ ਇਸ ਦੀ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਦੇ ਨਾਲ ਹੀ ਗੁਰਦੁਆਰਾ ਸਿੰਘ ਸਭਾ ਪੰਡੋਹ ਦੇ ਜਨਰਲ ਸਕੱਤਰ ਰਾਧਾ ਕ੍ਰਿਸ਼ਨ ਵਰਮਾ ਨੇ ਦੱਸਿਆ ਕਿ ਮਨੀਕਰਨ ਸਾਹਿਬ ਜਾਂ ਕੁੱਲੂ-ਮਨਾਲੀ ਵੱਲ ਜਾਣ ਵਾਲੀਆਂ ਸੰਗਤਾਂ ਵੱਡੀ ਗਿਣਤੀ ਵਿਚ ਇੱਥੇ ਠਹਿਰਦੀਆਂ ਹਨ। ਹਰ ਸਾਲ ਹੋਲੇ ਮੁਹੱਲੇ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਇੱਥੇ ਆਉਂਦੇ ਹਨ ਅਤੇ ਉਨ੍ਹਾਂ ਲਈ ਅਟੁੱਟ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਆਉਣ ਵਾਲੇ ਸਮੇਂ 'ਚ ਸੰਗਤਾਂ ਦੇ ਇੱਥੇ ਵਿਸ਼ਾਲ ਗੁਰਦੁਆਰਾ ਸਾਹਿਬ 'ਚ ਠਹਿਰਨ ਦਾ ਵੀ ਯੋਗ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਸਰੀਆ, ਸੀਮੈਂਟ, ਇੱਟਾਂ, ਪੱਥਰ, ਰੇਤਾ-ਬੱਜਰੀ ਅਤੇ ਹੋਰ ਕਿਸਮਾਂ ਦੇ ਰੂਪ 'ਚ ਆਰਥਿਕ ਸਹਾਇਤਾ ਦੇ ਰਹੇ ਹਨ। ਜੇਕਰ ਕੋਈ ਹੋਰ ਦਾਨੀ ਸੱਜਣ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਉਹ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਅੰਤ ਤੱਕ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ ਦਾ ਲੈਂਟਰ ਪਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਆਉਣ ਵਾਲੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News