ਰਾਹੁਲ ਗਾਂਧੀ ਦੀ ਸਰਕਾਰ ਨੂੰ ਅਪੀਲ- ਵਾਇਨਾਡ ''ਚ ਰਾਹਤ ਅਤੇ ਬਚਾਅ ਕੰਮ ''ਚ ਲਿਆਓ ਤੇਜ਼ੀ
Tuesday, Jul 30, 2024 - 03:03 PM (IST)
ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਵਿਚ ਹੋਈ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਮਗਰੋਂ ਮੰਗਲਵਾਰ ਨੂੰ ਸਰਕਾਰ ਤੋਂ ਰਾਹਤ ਅਤੇ ਬਚਾਅ ਕੰਮ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਰਾਹੁਲ ਨੇ ਲੋਕ ਸਭਾ ਵਿਚ ਸਿਫ਼ਰ ਕਾਲ ਦੌਰਾਨ ਕੇਰਲ ਦੇ ਵਾਇਨਾਡ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਬਾਰੇ ਕਿਹਾ ਕਿ ਅੱਜ ਸਵੇਰੇ-ਸਵੇਰੇ ਵਾਇਨਾਡ ਵਿਚ ਕਈ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। 70 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਮੁੰਡਕਾਈ ਪਿੰਡ ਦਾ ਸੰਪਰਕ ਟੁੱਟ ਗਿਆ ਹੈ ਅਤੇ ਤ੍ਰਾਸਦੀ ਕਾਰਨ ਲੋਕਾਂ ਦੀ ਜਾਨੀ ਅਤੇ ਮਾਲੀ ਨੁਕਸਾਨ ਦਾ ਮੁਲਾਂਕਣ ਕੀਤਾ ਜਾਣਾ ਅਜੇ ਬਾਕੀ ਹੈ।
ਇਹ ਵੀ ਪੜ੍ਹੋ- ਰੁੜ੍ਹ ਗਈਆਂ ਸੜਕਾਂ, ਹਾਲਾਤ ਹੋਏ ਬੱਦਤਰ, ਮੌਤ ਦੇ ਆਗੋਸ਼ 'ਚ ਸੁੱਤੇ 45 ਲੋਕ
ਰਾਹੁਲ ਨੇ ਅੱਗੇ ਕਿਹਾ ਕਿ ਮੈਂ ਰੱਖਿਆ ਮੰਤਰੀ ਅਤੇ ਕੇਰਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਬਚਾਅ ਅਤੇ ਮੈਡੀਕਲ ਦੇਖਭਾਲ ਲਈ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇ, ਮ੍ਰਿਤਕਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਮਹੱਤਵਪੂਰਨ ਟਰਾਂਸਪੋਰਟ ਅਤੇ ਸੰਚਾਰ ਲਾਈਨਾਂ ਨੂੰ ਬਹਾਲ ਕੀਤਾ ਜਾਵੇ, ਜਲਦ ਤੋਂ ਜਲਦ ਰਾਹਤ ਦੀ ਵਿਵਸਥਾ ਕੀਤੀ ਜਾਵੇ ਅਤੇ ਪ੍ਰਭਾਵਿਤ ਪਰਿਵਾਰ ਦੇ ਮੁੜਵਸੇਬੇ ਲਈ ਰੋਡਮੈਪ ਤਿਆਰ ਕੀਤਾ ਜਾਵੇ। ਸਾਡੇ ਦੇਸ਼ ਵਿਚ ਪਿਛਲੇ ਕੁਝ ਸਾਲਾਂ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਖ਼ਤਰਨਾਕ ਵਾਧਾ ਵੇਖਿਆ ਗਿਆ ਹੈ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਕੋਈ ਕੁਦਰਤੀ ਆਫ਼ਤ ਦੇਸ਼ ਲਈ ਗੰਭੀਰ ਮਾਮਲਾ ਹੁੰਦਾ ਹੈ। ਕੇਰਲ ਹੀ ਨਹੀਂ ਸਗੋਂ ਇਹ ਸਭ ਲਈ ਚਿੰਤਾਜਨਕ ਹੈ।