ਸ੍ਰੀ ਨਨਕਾਣਾ ਸਾਹਿਬ ''ਤੇ ਹੋਏ ਪਥਰਾਅ ਲਈ ਪਾਕਿਸਤਾਨ ਸਰਕਾਰ ਜ਼ਿੰਮੇਵਾਰ : ਕਾਂਗਰਸ
Saturday, Jan 04, 2020 - 11:03 AM (IST)

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ 'ਤੇ ਭੀੜ ਵਲੋਂ ਪਥਰਾਅ ਅਤੇ ਨਾਅਰੇਬਾਜ਼ੀ ਦੀ ਘਟਨਾ ਲਈ ਉੱਥੋਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਾਂਗਰਸ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਨੂੰ ਇਸ ਪਵਿੱਤਰ ਧਰਤੀ ਦੀ ਸੁਰੱਖਿਆ ਯਕੀਨੀ ਕਰਨੀ ਚਾਹੀਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ, ''ਸ੍ਰੀ ਨਨਕਾਣਾ ਸਾਹਿਬ 'ਤੇ ਹੋਇਆ ਹਮਲਾ ਮਨੁੱਖਤਾ ਦੇ ਆਦਰਸ਼ਾਂ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਇਸ ਹਮਲੇ ਲਈ ਸਿੱਧੇ ਤੌਰ 'ਤੇ ਪਾਕਿਸਤਾਨ ਦੀ ਸਰਕਾਰ ਜ਼ਿੰਮੇਵਾਰ ਹੈ। ਇਸ ਘਟਨਾ ਦੀ ਅਸੀਂ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ।'' ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਸ੍ਰੀ ਨਨਕਾਣਾ ਸਾਹਿਬ ਦੀ ਸੁਰੱਖਿਆ ਯਕੀਨੀ ਕਰੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਸਿੱਖ ਕੁੜੀ ਜਗਜੀਤ ਕੌਰ ਨਾਲ ਵਿਆਹ ਕਰਨ ਵਾਲੇ ਇਕ ਮੁਸਲਿਮ ਨੌਜਵਾਨ ਦੇ ਪਰਿਵਾਰ ਦੀ ਅਗਵਾਈ ਵਿਚ ਕੁਝ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਇੱਥੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ। ਖ਼ਬਰਾਂ ਮੁਤਾਬਕ ਭੀੜ ਨੇ ਸਿੱਖ ਸ਼ਰਧਾਲੂਆਂ 'ਤੇ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸਿੱਖਾਂ ਨੂੰ ਇੱਥੇ ਨਹੀਂ ਰਹਿਣ ਦੇਣਗੇ ਅਤੇ ਸ੍ਰੀ ਨਨਕਾਣਾ ਸਾਹਿਬ ਦਾ ਨਾਂ ਵੀ ਬਦਲ ਦੇਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਘਟਨਾ ਦੀ ਨਿੰਦਾ ਕੀਤੀ ਹੈ। ਹਾਲਾਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਹੈ।