ਜੰਮੂ-ਕਸ਼ਮੀਰ 'ਚ ਗਵਰਨਰ ਸ਼ਾਸਨ ਲਾਗੂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

Wednesday, Jun 20, 2018 - 08:52 AM (IST)

ਜੰਮੂ-ਕਸ਼ਮੀਰ 'ਚ ਗਵਰਨਰ ਸ਼ਾਸਨ ਲਾਗੂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਜੰਮੂ-ਕਸ਼ਮੀਰ— ਜੰਮੂ ਕਸ਼ਮੀਰ 'ਚ ਮਹਿਬੂਬਾ ਮੁਫਤੀ ਦੀ ਸਰਕਾਰ ਡਿੱਗਣ ਦੇ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉੱਥੇ ਰਾਜਪਾਲ (ਗਵਰਨਰ) ਸ਼ਾਸਨ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਜਪਾ ਦੇ ਪੀ. ਡੀ. ਪੀ ਨਾਲ ਗੱਠਜੋੜ ਤੋੜਨ ਮਗਰੋਂ ਇੱਥੇ ਨਵੀਂ ਸਰਕਾਰ ਦੇ ਗਠਨ ਦੀ ਸੰਭਾਵਨਾ ਨਜ਼ਰ ਨਹੀਂ ਆਉਣ ਵਿਚਕਾਰ ਇਹ ਫੈਸਲਾ ਲਿਆ ਗਿਆ ਹੈ। ਜੰਮੂ-ਕਸ਼ਮੀਰ 'ਚ ਪਿਛਲੇ 3 ਸਾਲ ਤੋਂ ਪੀ. ਡੀ. ਪੀ. ਦੀ ਮੁਖੀ ਮਹਿਬੂਬਾ ਮੁਫਤੀ ਅਤੇ ਨਰਿੰਦਰ ਮੋਦੀ ਦਰਮਿਆਨ ਚੱਲ ਰਹੀ ਦੋਸਤੀ ਪਿਛਲੇ ਦਿਨੀਂ ਮੰਗਲਵਾਰ ਟੁੱਟ ਗਈ ਸੀ ਅਤੇ ਭਾਜਪਾ ਨੇ ਮਹਿਬੂਬਾ ਮੁਫਤੀ ਸਰਕਾਰ ਨੂੰ ਦਿੱਤੀ ਆਪਣੀ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਸੀ। ਭਾਜਪਾ ਵਲੋਂ ਹਮਾਇਤ ਵਾਪਸ ਲੈਣ ਦੇ ਐਲਾਨ ਪਿੱਛੋਂ ਮੁੱਖ ਵਿਰੋਧੀ ਪਾਰਟੀਆਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੇ ਵੀ ਸਰਕਾਰ ਬਣਾਉਣ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਸਨ। ਇਸ ਪਿੱਛੋਂ ਸੂਬੇ 'ਚ ਰਾਜਪਾਲ ਦਾ ਰਾਜ ਲਾਗੂ ਹੋਣਾ ਯਕੀਨੀ ਹੋ ਗਿਆ ਸੀ।

ਭਾਜਪਾ ਨੇ ਛੱਡਿਆ ਪੀ. ਡੀ. ਪੀ. ਦਾ ਸਾਥ :

PunjabKesari
ਭਾਜਪਾ ਨੇ ਕਿਹਾ ਕਿ ਸੂਬੇ 'ਚ ਵਧਦੇ ਕੱਟੜਪੰਥ ਅਤੇ ਅੱਤਵਾਦ ਕਾਰਨ ਸਰਕਾਰ ਵਿਚ ਰਹਿਣਾ ਔਖਾ ਹੋ ਗਿਆ ਸੀ। ਪਾਰਟੀ ਦੇ ਇਕ ਜਨਰਲ ਸਕੱਤਰ ਰਾਮ ਮਾਧਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਮੁਖੀ ਅਮਿਤ ਸ਼ਾਹ ਨਾਲ ਸਲਾਹ-ਮਸ਼ਵਰਾ ਕਰਨ ਪਿੱਛੋਂ ਗੱਠਜੋੜ ਸਰਕਾਰ 'ਚੋਂ ਬਾਹਰ ਹੋਣ ਦਾ ਫੈਸਲਾ ਲਿਆ ਗਿਆ।
ਭਾਜਪਾ ਦੇ ਇਸ ਫੈਸਲੇ ਪਿੱਛੋਂ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਰਾਜਪਾਲ ਐੱਨ. ਐੱਨ. ਵੋਹਰਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਭਾਜਪਾ ਨੇ ਪੀ. ਡੀ. ਪੀ. 'ਤੇ ਦੋਸ਼ ਲਾਇਆ ਕਿ ਕਸ਼ਮੀਰ ਵਾਦੀ ਵਿਚ ਸੁਰੱਖਿਆ ਦੇ ਹਾਲਾਤ ਵਧੀਆ ਬਣਾਉਣ ਵਿਚ ਉਹ ਨਾਕਾਮ ਰਹੀ। ਗੱਠਜੋੜ ਤੋੜਨ ਦੇ ਬਾਅਦ ਭਾਜਪਾ ਨੇਤਾ ਅਤੇ ਸੂਬੇ ਦੇ ਹੁਣ ਤੱਕ ਉਪ ਮੁੱਖ ਮੰਤਰੀ ਰਹੇ ਕਵਿੰਦਰ ਗੁਪਤਾ ਨੇ ਸਾਥੀ ਮੰਤਰੀਆਂ ਸਮੇਤ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਸਨ। ਰਾਜਪਾਲ ਐੱਨ. ਐੱਨ. ਵੋਹਰਾ ਨੇ ਸੂਬੇ ਦੀ ਸਿਆਸੀ ਸਥਿਤੀ ਸੰਬੰਧੀ ਆਪਣੀ ਰਿਪੋਰਟ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗਲਵਾਰ ਰਾਤ ਭੇਜ ਦਿੱਤੀ ਸੀ।

ਜੰਮੂ-ਕਸ਼ਮੀਰ 'ਚ ਲੱਗਦਾ ਹੈ ਰਾਜਪਾਲ ਸ਼ਾਸਨ :

PunjabKesari
ਜੰਮੂ-ਕਸ਼ਮੀਰ 'ਚ ਭਾਰਤ ਦੇ ਹੋਰ ਸੂਬਿਆਂ ਦੀ ਤਰ੍ਹਾਂ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਦਾ ਹੈ। ਭਾਰਤ ਦੇ ਹੋਰ ਸੂਬਿਆਂ 'ਚ ਸੂਬਾ ਸਰਕਾਰ ਦੇ ਅਸਫਲ ਰਹਿਣ 'ਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਹੈ ਪਰ ਜੰਮੂ-ਕਸ਼ਮੀਰ 'ਚ ਰਾਜਪਾਲ ਦਾ ਸ਼ਾਸਨ ਲਗਾਇਆ ਜਾਂਦਾ ਹੈ। ਜੰਮੂ-ਕਸ਼ਮੀਰ ਦੇ ਸੰਵਿਧਾਨ ਦੀ ਧਾਰਾ 92 ਤਹਿਤ ਸੂਬੇ 'ਚ 6 ਮਹੀਨੇ ਲਈ ਰਾਜਪਾਲ ਸ਼ਾਸਨ ਲਾਗੂ ਕੀਤਾ ਜਾ ਸਕਦਾ ਹੈ ਪਰ ਅਜਿਹਾ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਬਾਅਦ ਹੀ ਹੋ ਸਕਦਾ ਹੈ। ਭਾਰਤ ਦਾ ਸੰਵਿਧਾਨ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਦਾ ਹੈ ਅਤੇ ਇਹ ਦੇਸ਼ ਦਾ ਇਕੋ-ਇਕ ਅਜਿਹਾ ਸੂਬਾ ਹੈ ਜਿਸ ਕੋਲ ਵੱਖਰਾ ਸੰਵਿਧਾਨ ਅਤੇ ਨਿਯਮ ਹਨ। ਦੇਸ਼ ਦੇ ਹੋਰ ਸੂਬਿਆਂ 'ਚ ਸੰਵਿਧਾਨ ਦੀ ਧਾਰਾ 356 ਤਹਿਤ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਂਦਾ ਹੈ। ਮੌਜੂਦਾ ਸਮੇਂ ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ. ਐੱਨ. ਵੋਹਰਾ ਹਨ।


Related News