ਸਰਕਾਰ ਨੇ ਯੂਟਿਊਬ, ਟੈਲੀਗ੍ਰਾਮ ਤੇ ਐਕਸ ਨੂੰ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

Friday, Oct 06, 2023 - 08:23 PM (IST)

ਨਵੀਂ ਦਿੱਲੀ- ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰਾਲਾ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ। ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰਾਲਾ ਨੇ ਸੋਸ਼ਲ ਮੀਡੀਆ ਮੰਚ ਅਤੇ ਮਾਧਿਅਮ ਐਕਸ, ਯੂਟਿਊਬ ਅਤੇ ਟੈਲੀਗ੍ਰਾਮ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਭਾਰਤ 'ਚ ਇੰਟਰਨੈੱਟ 'ਤੇ ਆਪਣੇ ਪਲੇਟਫਾਰਮ ਤੋਂ ਬਾਲ ਜਿਨਸੀ ਸ਼ੋਸ਼ਣ ਸਮੱਗਰੀ (ਸੀ.ਐੱਸ.ਏ.ਐੱਮ.) ਨੂੰ ਹਟਾਉਣ ਲਈ ਕਿਹਾ ਹੈ। ਅਜਿਹਾ ਨਾ ਕਰਨ 'ਤੇ ਉਸਨੂੰ ਗੈਰ-ਕਾਨੂੰਨੀ ਕੰਮ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਮਾਧਿਅਮ ਦੇ ਰੂਪ 'ਚ ਦਿੱਤੀ ਗਈ ਸੁਰੱਖਿਆ ਵਾਪਸ ਲੈ ਗਈ ਜਾਵੇਗੀ। ਕੇਂਦਰੀ ਹੁਨਰ ਵਿਕਾਸ ਅਤੇ ਉੱਦਮੀ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਅਸੀਂ ਐਕਸ, ਯੂਟਿਊਬ ਅਤੇ ਟੈਲੀਗ੍ਰਾਮ ਨੂੰ ਇਹ ਯਕੀਨੀ ਬਣਾਉਣ ਲਈ ਨੋਟਿਸ ਭੇਜੇ ਹਨ ਕਿ ਉਨ੍ਹਾਂ ਦੇ ਪਲੇਟਫਾਰਮਾਂ 'ਤੇ ਬਾਲ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ ਮੌਜੂਦ ਨਹੀਂ ਹੈ। ਸਰਕਾਰ IT ਨਿਯਮਾਂ ਦੇ ਤਹਿਤ ਇਕ ਸੁਰੱਖਿਅਤ ਅਤੇ ਭਰੋਸੇਮੰਦ ਇੰਟਰਨੈੱਟ ਬਣਾਉਣ ਲਈ ਵਚਨਬੱਧ ਹੈ।

ਚੰਦਰਸ਼ੇਖਰ ਨੇ ਕਿਹਾ ਕਿ ਆਈ.ਟੀ. ਐਕਟ ਦੇ ਤਹਿਤ ਨਿਰਧਾਰਿਤ ਨਿਯਮ ਸੋਸ਼ਲ ਮੀਡੀਆ ਵਿਚੋਲਿਆਂ ਤੋਂ ਸਖ਼ਤ ਉਮੀਦਾਂ ਰੱਖਦੇ ਹਨ ਕਿ ਉਹ ਆਪਣੇ ਪਲੇਟਫਾਰਮਾਂ 'ਤੇ ਅਪਰਾਧਿਕ ਜਾਂ ਨੁਕਸਾਨਦੇਹ ਪੋਸਟਾਂ ਦੀ ਇਜਾਜ਼ਤ ਨਾ ਦੇਣ। ਜੇਕਰ ਉਹ ਤੇਜ਼ੀ ਨਾਲ ਕਾਰਵਾਈ ਨਹੀਂ ਕਰਦੇ ਤਾਂ ਆਈ.ਟੀ. ਐਕਟ ਦੀ ਧਾਰਾ 79 ਦੇ ਤਹਿਤ ਉਨ੍ਹਾਂ ਨੂੰ ਪ੍ਰਦਾਨ ਕੀਤੀ ਗਈ ਸੁਰੱਖਿਆ ਵਾਪਸ ਲੈ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਭਾਰਤ ਦੇ ਕਾਨੂੰਨ ਤਹਿਤ ਨਤੀਜੇ ਭੁਗਤਣੇ ਪੈਣਗੇ।

ਮੰਤਰਾਲਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਇਕ ਰੀਲੀਜ਼ ਦੇ ਅਨੁਸਾਰ, ਨੋਟਿਸ ਵਿਚ ਅਜਿਹੀਆਂ ਸਮੱਗਰੀਆਂ (ਪੋਸਟ ਆਦਿ) ਨੂੰ ਜਲਦੀ ਤੋਂ ਜਲਦੀ ਅਤੇ ਸਥਾਈ ਤੌਰ 'ਤੇ ਹਟਾਉਣ ਲਈ ਕਿਹਾ ਗਿਆ ਹੈ ਜਾਂ ਅਜਿਹਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਹ ਸਮੱਗਰੀ ਵੇਖੀ ਜਾਂ ਪੜ੍ਹੀ ਨਾ ਜਾ ਸਕੇ। ਇਨ੍ਹਾਂ ਚੈਨਲਾਂ ਨੂੰ ਭਵਿੱਖ ਵਿੱਚ ਸੀ.ਐੱਸ.ਏ.ਐੱਮ. ਦੇ ਫੈਲਣ ਨੂੰ ਰੋਕਣ ਲਈ ਸਮੱਗਰੀ ਸੰਚਾਲਨ ਐਲਗੋਰਿਦਮ ਅਤੇ ਰਿਪੋਰਟਿੰਗ ਵਿਧੀ ਵਰਗੇ ਕਿਰਿਆਸ਼ੀਲ ਉਪਾਅ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ।

ਮੰਤਰਾਲਾ ਨੇ ਕਿਹਾ ਹੈ ਕਿ ਨੋਟਿਸ ਦੀ ਪਾਲਣਾ ਨਾ ਕਰਨਾ ਆਈ.ਟੀ. ਨਿਯਮ, 2021 ਦੇ ਨਿਯਮ 3(1)(ਬੀ) ਅਤੇ ਨਿਯਮ 4(4) ਦੀ ਉਲੰਘਣਾ ਮੰਨਿਆ ਜਾਵੇਗਾ। ਮੰਤਰਾਲਾ ਨੇ ਤਿੰਨ ਸੋਸ਼ਲ ਮੀਡੀਆ ਵਿਚੋਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਨੋਟਿਸ ਦੀ ਪਾਲਣਾ ਕਰਨ ਵਿਚ ਕਿਸੇ ਵੀ ਦੇਰੀ ਨਾਲ ਆਈ.ਟੀ. ਐਕਟ ਦੀ ਧਾਰਾ 79 ਦੇ ਤਹਿਤ ਦਿੱਤੀ ਗਈ ਸੁਰੱਖਿਆ ਨੂੰ ਵਾਪਸ ਲੈ ਲਿਆ ਜਾਵੇਗਾ, ਜੋ ਮੌਜੂਦਾ ਸਮੇਂ ਵਿਚ ਉਨ੍ਹਾਂ ਨੂੰ ਕਾਨੂੰਨੀ ਜ਼ਿੰਮੇਵਾਰੀ ਤੋਂ ਬਚਾਉਂਦੀ ਹੈ।


Rakesh

Content Editor

Related News