ਸਰਕਾਰੀ ਸਕੂਲਾਂ ''ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਮਿਲਣਗੀਆਂ ਇਹ ਖ਼ਾਸ ਸਹੂਲਤਾਂ

Monday, May 19, 2025 - 01:35 PM (IST)

ਸਰਕਾਰੀ ਸਕੂਲਾਂ ''ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਮਿਲਣਗੀਆਂ ਇਹ ਖ਼ਾਸ ਸਹੂਲਤਾਂ

ਚੰਡੀਗੜ੍ਹ- ਹਰਿਆਣਾ ਦੇ ਸਰਕਾਰੀ ਸਕੂਲਾਂ 'ਚ ਕਿਚਨ ਗਾਰਡਨ ਦੀ ਤਰਜ਼ 'ਤੇ ਪੋਸ਼ਣ ਬਾਗ ਤਿਆਰ ਕੀਤੇ ਜਾਣਗੇ, ਜਿਸ ਵਿਚ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਫਲਾਂ ਦਾ ਸੁਆਦ ਵੀ ਮਿਲੇਗਾ। ਜਿਨ੍ਹਾਂ ਸਕੂਲਾਂ ਵਿਚ ਅੱਧਾ ਏਕੜ ਜਾਂ ਇਸ ਤੋਂ ਵੱਧ ਖਾਲੀ ਜ਼ਮੀਨ ਹੈ, ਉੱਥੇ ਚੀਕੂ, ਅਮਰੂਦ, ਅੰਬ, ਪਪੀਤਾ, ਅਨਾਰ, ਅੰਗੂਰ, ਡਰੈਗਨ ਫਰੂਟ, ਨਿੰਮ, ਤੁਲਸੀ ਅਤੇ ਹਰੀਆਂ ਸਬਜ਼ੀਆਂ ਦੇ ਬੂਟੇ ਲਗਾਏ ਜਾਣਗੇ। ਇਕ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਹਰੇਕ ਜ਼ਿਲ੍ਹੇ ਵਿਚ ਇਕ-ਇਕ ਸਕੂਲ ਚੁਣਿਆ ਜਾ ਰਿਹਾ ਹੈ।

ਮੁੱਢਲੇ ਸਿੱਖਿਆ ਡਾਇਰੈਕਟਰ ਨੇ ਸਾਰੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀਆਂ ਨੂੰ ਆਪਣੇ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਚੁਣਨ ਲਈ ਕਿਹਾ ਹੈ, ਜਿੱਥੇ ਅੱਧਾ ਏਕੜ ਜਾਂ ਇਸ ਤੋਂ ਵੱਧ ਜ਼ਮੀਨ ਉਪਲਬਧ ਹੋਵੇ। ਪੋਸ਼ਣ ਬਾਗ ਵਿਚ ਫਲਦਾਰ ਬੂਟੇ ਲਗਾਉਣ ਦੇ ਨਾਲ-ਨਾਲ ਬੱਚਿਆਂ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਕੁਦਰਤ ਨਾਲ ਉਨ੍ਹਾਂ ਦੀ ਨੇੜਤਾ ਵਧੇਗੀ, ਫਲਦਾਰ ਬੂਟੇ ਰੁੱਖਾਂ ਵਿਚ ਬਦਲਣ ਤੋਂ ਬਾਅਦ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਦੇ ਨਾਲ-ਨਾਲ ਫਲ ਵੀ ਉਪਲਬਧ ਕਰਵਾਏ ਜਾ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਬਿਹਤਰ ਪੋਸ਼ਣ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ।

ਪ੍ਰਦੇਸ਼ ਵਿਚ ਸਕੂਲਾਂ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨੂੰ ਹਟਾਇਆ ਜਾਵੇਗਾ। ਸਿੱਖਿਆ ਡਾਇਰੈਕਟਰ ਨੇ ਫਤਿਹਾਬਾਦ, ਕੈਥਲ, ਕਰਨਾਲ ਅਤੇ ਮਹਿੰਦਰਗੜ੍ਹ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਉਨ੍ਹਾਂ ਸਕੂਲਾਂ ਦੀ ਰਿਪੋਰਟ ਮੰਗੀ ਹੈ, ਜਿਨ੍ਹਾਂ ਉੱਪਰ 33 ਕਿਲੋਵਾਟ ਤੋਂ ਵੱਧ ਸਮਰੱਥਾ ਵਾਲੀਆਂ ਤਾਰਾਂ ਲੰਘ ਰਹੀਆਂ ਹਨ। ਇਨ੍ਹਾਂ ਨੂੰ ਹਟਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਬਿਜਲੀ ਨਿਗਮਾਂ ਨੂੰ ਬੇਨਤੀ ਪੱਤਰ ਭੇਜਣਾ ਹੋਵੇਗਾ। ਨਾਲ ਹੀ ਸਿੱਖਿਆ ਡਾਇਰੈਕਟਰ ਨੇ ਇਸ ਗੱਲ 'ਤੇ ਵੀ ਇਤਰਾਜ਼ ਜ਼ਾਹਰ ਕੀਤਾ ਹੈ ਕਿ ਕਈ ਵਾਰ ਰਿਪੋਰਟ ਮੰਗਣ ਦੇ ਬਾਵਜੂਦ ਵੱਖ-ਵੱਖ ਜ਼ਿਲ੍ਹਿਆਂ ਤੋਂ ਸਹੀ ਜਾਣਕਾਰੀ ਹੈੱਡਕੁਆਰਟਰ ਨੂੰ ਨਹੀਂ ਦਿੱਤੀ ਗਈ ਹੈ।
 


author

Tanu

Content Editor

Related News