ਰੁਪਏ ਨੂੰ ਅੰਤਰਰਾਸ਼ਟਰੀ ਮਾਨਤਾ ਦੇਣ ਲਈ ਕੇਂਦਰ ਸਰਕਾਰ ਦੀ ਯੋਜਨਾ ਤਿਆਰ
Thursday, Sep 08, 2022 - 05:38 PM (IST)
ਦਿੱਲੀ : ਵਪਾਰਕ ਸੌਦਿਆਂ ਦੇ ਨਿਪਟਾਰੇ ਲਈ ਕੇਂਦਰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਆਰ.ਬੀ.ਆਈ. ਨੇ ਇੱਕ ਵਿਸ਼ੇਸ਼ ਰੁਪਿਆ ਖਾਤਾ ਖੋਲ੍ਹਣ ਲਈ ਇੱਕ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਮੁਤਾਬਕ ਬੈਂਕਾਂ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੂੰ ਵਿਦੇਸ਼ੀ ਬੈਂਕਾਂ ਨਾਲ ਸੰਪਰਕ ਕਰਨ ਅਤੇ ਵੋਸਟ੍ਰੋ ਖਾਤੇ ਖੋਲ੍ਹਣ 'ਤੇ ਜ਼ੋਰ ਦੇਣ ਲਈ ਪ੍ਰੇਰਿਆ ਜਾਵੇਗਾ। ਇਸ ਦੇ ਅਧੀਨ ਬੈਂਕਾਂ ਨੂੰ 115 ਤੋਂ ਵੱਧ ਪ੍ਰਸਤਾਵਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ ਅਤੇ ਰੂਸੀ ਬੈਂਕਾਂ ਨਾਲ ਲੈਣ ਦੇਣ ਕਰਨ ਵਿਚ ਚੇਤੰਨ ਰਹਿਣ ਲਈ ਕਿਹਾ ਗਿਆ ਹੈ।
ਇਸ ਯੋਜਨਾ ਸੰਬੰਧੀ ਕੇਂਦਰ ਨੇ ਮੀਟਿੰਗ ਕੀਤੀ ਜਿਸ ਵਿਚ ਕੇਂਦਰ ਵੱਲੋਂ ਇਸ ਯੋਜਨਾ ਦਾ ਖਾਕਾ ਪੇਸ਼ ਕੀਤਾ ਗਿਆ। ਇਸ ਮੀਟਿੰਗ ਵਿੱਚ ਵਣਜ ਅਤੇ ਵਿਦੇਸ਼ੀ ਵਪਾਰ ਦੇ ਡਾਇਰੈਕਟਰ ਜਨਰਲ ਡੀ.ਜੀ.ਐੱਫ.ਟੀ. ਵੀ ਮੌਜੂਦ ਸਨ। ਇਸ ਯੋਜਨਾ ਵਿਚ ਵਪਾਰਕ ਸੰਸਥਾਵਾਂ ਨੂੰ ਫਾਰਮੈਟ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸ ਕਦਮ ਨੂੰ ਭਾਰਤੀ ਮੁਦਰਾ ਰੁਪਏ ਦੇ ਅੰਤਰਰਾਸ਼ਟਰੀਕਰਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਸੰਸਥਾਵਾਂ ਵਿਚ ਇਸ ਫਾਰਮੈਟ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਵਿੱਤ ਮੰਤਰਾਲੇ ਦੀ ਇਸ ਬੈਠਕ ਵਿਚ ਆਰ.ਬੀ.ਆਈ. ਵਿਦੇਸ਼ ਮੰਤਰਾਲੇ, ਵਣਜ ਵਿਭਾਗ ਅਤੇ ਚੋਟੀ ਦੇ ਬੈਂਕਰਾਂ ਦੇ ਪ੍ਰਤੀਨਿਧ ਸ਼ਾਮਲ ਹੋਏ। ਯੋਜਨਾ ਦੇ ਅਨੁਸਾਰ ਸਬੰਧਤ ਬੈਂਕਾਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਤੋਂ ਬਾਅਦ, ਬੈਂਕ ਅੰਦਰੂਨੀ ਤੌਰ 'ਤੇ ਉਨ੍ਹਾਂ ਦੀ ਜਾਂਚ ਕਰਨਗੇ ਅਤੇ ਉਨ੍ਹਾਂ ਨੂੰ ਮਨਜ਼ੂਰੀ ਲਈ ਆਰ.ਬੀ.ਆਈ. ਨੂੰ ਭੇਜਣਗੇ। ਇਸ ਤੋਂ ਬਾਅਦ ਆਰ.ਬੀ.ਆਈ. ਅਰਜ਼ੀ ਦੀ ਪ੍ਰਵਾਨਗੀ ਲਈ ਜਰੂਰੀ ਪ੍ਰਕਿਰਿਆ ਕਰੇਗਾ।
ਬੈਂਕਾਂ ਨੂੰ ਸ਼੍ਰੀਲੰਕਾ, ਰੂਸ ਅਤੇ ਯੂਕਰੇਨ ਸਮੇਤ ਕਈ ਰਾਸ਼ਟਰਮੰਡਲ ਦੇਸ਼ਾਂ ਦੇ ਬੈਂਕਾਂ ਤੋਂ 115 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚ ਸਭ ਤੋਂ ਵੱਧ ਅਰਜ਼ੀਆਂ ਆਈਆਂ ਹਨ। ਉਸ ਤੋਂ ਬਾਅਦ ਇੰਡਸਇੰਡ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੂਕੋ ਬੈਂਕ ਕੋਲ ਅਰਜ਼ੀਆਂ ਆ ਗਈਆਂ ਹਨ। ਸਰਕਾਰ ਨੇ ਭਾਰਤੀ ਰੁਪਏ ਨੂੰ ਅੰਤਰਰਾਸ਼ਟਰੀ ਮੁਦਰਾ ਵਜੋਂ ਮਾਨਤਾ ਦੇਣ ਅਤੇ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਰੂਸ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨਾਲ ਵਪਾਰ ਲਈ ਰੁਪਏ ਦੇ ਲੈਣ-ਦੇਣ ਦੀ ਸ਼ੁਰੂਆਤ ਕਰਨ ਇਹ ਯੋਜਨਾ ਤਿਆਰ ਕੀਤੀ ਹੈ। ਜਾਣਕਾਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਆਰ.ਬੀ.ਆਈ. ਨੂੰ ਮਨਜ਼ੂਰੀ ਲਈ ਇਕ ਵੀ ਅਰਜ਼ੀ ਨਹੀਂ ਮਿਲੀ ਹੈ ਪਰ ਕੁਝ ਜਨਤਕ ਖੇਤਰ ਦੇ ਬੈਂਕ ਰੁਪਏ ਵਿੱਚ ਅੰਤਰਰਾਸ਼ਟਰੀ ਭੁਗਤਾਨ ਕਰਨ ਦੀ ਆਰ.ਬੀ.ਆਈ. ਦੀ ਇਸ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ।