ਮੱਧ ਪ੍ਰਦੇਸ਼ ’ਚ ਸਰਕਾਰਾਂ ਡਿਗਣ ਦੀਆਂ ਅਟਕਲਾਂ, ਕਮਲਨਾਥ ਚੌਕਸ

Monday, May 27, 2019 - 11:40 PM (IST)

ਮੱਧ ਪ੍ਰਦੇਸ਼ ’ਚ ਸਰਕਾਰਾਂ ਡਿਗਣ ਦੀਆਂ ਅਟਕਲਾਂ, ਕਮਲਨਾਥ ਚੌਕਸ

ਭੋਪਾਲ– ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਬੇਹੱਦ ਖਰਾਬ ਪ੍ਰਦਰਸ਼ਨ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਸਿਆਸਤ ਗਰਮਾ ਗਈ ਹੈ। ਇਕ ਬਸਪਾ ਵਿਧਾਇਕ ਨੇ ਭਾਜਪਾ ’ਤੇ ਮੰਤਰੀ ਅਹੁਦੇ ਅਤੇ 50-60 ਕਰੋੜ ਰੁਪਏ ਦਾ ਲਾਲਚ ਦੇਣ ਦਾ ਦੋਸ਼ ਲਾਇਆ ਹੈ। ਮੱਧ ਪ੍ਰਦੇਸ਼ ਵਿਚ ਕਾਂਗਰਸ ਨੂੰ ਸਮਰਥਨ ਦੇ ਰਹੀ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਵਿਧਾਇਕ ਰਮਾਬਾਈ ਨੇ ਕਿਹਾ,‘‘ਭਾਜਪਾ ਸਾਰਿਆਂ ਨੂੰ ਆਫਰ ਦੇ ਰਹੀ ਹੈ। ਜਿਹੜਾ ਬੇਵਕੂਫ ਹੋਵੇਗਾ, ਉਹੀ ਉਨ੍ਹਾਂ ਦੇ ਝਾਂਸੇ ਵਿਚ ਆਵੇਗਾ। ਮੈਨੂੰ ਵੀ ਫੋਨ ਆਉਂਦੇ ਹਨ ਅਤੇ ਮੈਨੂੰ ਮੰਤਰੀ ਅਹੁਦੇ ਦੇ ਨਾਲ-ਨਾਲ 50-60 ਕਰੋੜ ਰੁਪਏ ਦਾ ਆਫਰ ਦਿੱਤਾ ਜਾ ਰਿਹਾ ਹੈ। ਉਹ (ਭਾਜਪਾ) ਅਜਿਹੇ ਆਫਰ ਸਾਰਿਆਂ ਨੂੰ ਦੇ ਰਹੀ ਹੈ।’’

ਓਧਰ ਸਰਕਾਰ ਡਿੱਗਣ ਦੀਆਂ ਅਟਕਲਾਂ ਦਰਮਿਆਨ ਮੁੱਖ ਮੰਤਰੀ ਕਮਲਨਾਥ ਚੌਕਸ ਹੋ ਗਏ ਹਨ ਅਤੇ ਉਨ੍ਹਾਂ ਨੇ ਸਾਰੇ ਮੰਤਰੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਕਮਲਨਾਥ ਨੇ ਸਾਰੇ ਮੰਤਰੀਆਂ ਨੂੰ ਕਿਹਾ ਹੈ ਕਿ ਵਿਰੋਧੀ ਧਿਰ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਵਖਰੇਵੇਂ ਦੀਆਂ ਖਬਰਾਂ ਦਾ ਖੰਡਨ ਕਰਨ ਅਤੇ ਇਕਜੁੱਟਤਾ ਵਿਖਾਉਣ। ਕਮਲਨਾਥ ਨੇ ਕਿਹਾ ਕਿ ਸਾਡੀ ਇਕਜੁਟਤਾ ਵਿਰੋਧੀ ਧਿਰ ਨੂੰ ਵੀ ਨਜ਼ਰ ਆਉਣੀ ਚਾਹੀਦੀ ਹੈ । ਜਦੋਂ ਉਨ੍ਹਾਂ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਹੁਦੇ ਤੋਂ ਅਸਤੀਫੇ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਕੰਮ ਦਾ ਬੋਝ ਕਾਫੀ ਵਧ ਗਿਆ ਸੀ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਰਾਹੁਲ ਗਾਂਧੀ ਦੇ ਪੁੱਤਰ ਮੋਹ ਵਾਲੇ ਬਿਆਨ ’ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ,‘‘ਰਾਹੁਲ ਗਾਂਧੀ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਹੈ।’’ ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਆਰਿਫ ਅਕੀਲ ਨੇ ਕਿਹਾ,‘‘ਕਮਲਨਾਥ ਸਰਕਾਰ 5 ਸਾਲ ਤੱਕ ਚੱਲੇਗੀ। ਅਸੀਂ ਕਈ ਵਾਰ ਬਹੁਮਤ ਸਿੱਧ ਕਰ ਚੁੱਕੇ ਹਾਂ ਅਤੇ ਅੱਗੇ ਵੀ ਤਿਆਰ ਹਾਂ।’’


author

Inder Prajapati

Content Editor

Related News