ਮਹਿੰਗਾਈ ਆਸਮਾਨ ਛੂਹ ਰਹੀ ਹੈ, ਸਰਕਾਰ ਦਾ ਪੂਰਾ ਧਿਆਨ PM ਦਾ ਅਕਸ ਬਚਾਉਣ ''ਤੇ: ਜੈਰਾਮ ਰਮੇਸ਼
Tuesday, Aug 22, 2023 - 02:16 PM (IST)

ਨਵੀਂ ਦਿੱਲੀ- ਕਾਂਗਰਸ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਕਾਰਨ ਮਹਿੰਗਾਈ ਆਸਮਾਨ ਛੂਹ ਰਹੀ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਕੀਤਾ ਕਿ ਜਨਤਾ ਇਸ ਗੱਲ ਨੂੰ ਸਮਝ ਗਈ ਹੈ ਕਿ ਸਰਕਾਰ ਦਾ ਸਾਰਾ ਧਿਆਨ ਪ੍ਰਧਾਨ ਮੰਤਰੀ ਮੋਦੀ ਦੇ ਅਕਸ ਨੂੰ ਬਚਾਉਣ ਅਤੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ 'ਤੇ ਹੈ।
ਰਮੇਸ਼ ਨੇ ਮਹਿੰਗਾਈ ਵੱਧਣ ਨਾਲ ਸਬੰਧਤ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ 'ਐਕਸ' (ਪਹਿਲਾਂ ਟਵਿੱਟਰ ਸੀ) 'ਤੇ ਪੋਸਟ ਕੀਤਾ ਕਿ ਮੋਦੀ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਕਾਰਨ ਮਹਿੰਗਾਈ ਆਸਮਾਨ ਛੂਹ ਰਹੀ ਹੈ। ਸਬਜ਼ੀ, ਆਟਾ, ਚੌਲ, ਦਾਲ ਸਮੇਤ ਸਾਰੇ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਡੇਢ ਮਹੀਨੇ ਵਿਚ ਥਾਲੀ 28 ਫ਼ੀਸਦੀ ਮਹਿੰਗੀ ਹੋ ਗਈ ਹੈ।
ਰਮੇਸ਼ ਨੇ ਕਿਹਾ ਕਿ ਇਕ ਪਾਸੇ ਮਹਿੰਗਾਈ ਵੱਧ ਰਹੀ ਹੈ, ਦੂਜੇ ਪਾਸੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਸਹੀ ਕੀਮਤ ਨਹੀਂ ਮਿਲ ਰਹੀ ਹੈ। ਘੱਟ ਤੋਂ ਘੱਟ ਸਮਰਥਨ ਮੁੱਲ ਦਾ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ। ਕਿਸਾਨ ਅਨਾਜ ਘੱਟ ਕੀਮਤ 'ਤੇ ਵੇਚਣ ਨੂੰ ਮਜਬੂਰ ਹੁੰਦੇ ਹਨ ਪਰ ਜਿਵੇਂ ਹੀ ਖੇਤੀ ਉਤਪਾਦ ਪੂੰਜੀਪਤੀਆਂ ਦੇ ਗੋਦਾਮਾਂ 'ਚ ਪਹੁੰਚਦੇ ਹਨ, ਉਨ੍ਹਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ।