ਕਿਸਾਨਾਂ ਤੇ ਜਵਾਨਾਂ ਨੂੰ ਨਜ਼ਰਅੰਦਾਜ਼ ਕਰਕੇ ਲੋਕਤੰਤਰ ਦਾ ਕਤਲ ਕਰ ਰਹੀ ਸਰਕਾਰ : ਰਾਹੁਲ ਗਾਂਧੀ
Friday, Feb 23, 2024 - 01:03 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਕਿਸਾਨਾਂ ਅਤੇ ਜਵਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਮੋਦੀ ਸ਼ਾਸਨ ’ਚ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਅਤੇ ਜਨਤਾ ਦੀ ਆਵਾਜ਼ ਦਬਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਿਹਾ ਹੈ। ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਸਮੱਸਿਆ ਇਹ ਹੈ ਕਿ ਜਦੋਂ ਲੋਕ ਹੱਕਾਂ ਲਈ ਸੜਕਾਂ ’ਤੇ ਆ ਕੇ ਅੰਦੋਲਨ ਕਰਦੇ ਹਨ ਤਾਂ ਸਰਕਾਰ ਗੋਲੀਆਂ ਚਲਾ ਕੇ ਉਨ੍ਹਾਂ ਦੀ ਆਵਾਜ਼ ਦਬਾ ਦਿੰਦੀ ਹੈ। ਕਿਸਾਨ ਆਪਣੇ ਹੱਕ ਦੀ ਗੱਲ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਸਰਕਾਰ ’ਤੇ ਲੋਕਤੰਤਰ ਦੀ ਹੱਤਿਆ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਐੱਮ. ਐੱਸ. ਪੀ. ਮੰਗਣ ਤਾਂ ਉਨ੍ਹਾਂ ਨੂੰ ਗੋਲੀ ਮਾਰੋ-ਇਹ ਹੈ ਮਦਰ ਆਫ ਡੈਮੋਕ੍ਰੇਸੀ। ਨੌਜਵਾਨ ਨਿਯੁਕਤੀ ਮੰਗਣ ਤਾਂ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿਓ-ਇਹ ਹੈ ਮਦਰ ਆਫ ਡੈਮੋਕ੍ਰੇਸੀ। ਸਾਬਕਾ ਰਾਜਪਾਲ ਸੱਚ ਬੋਲਣ ਤਾਂ ਉਨ੍ਹਾਂ ਦੇ ਘਰ ਸੀ. ਬੀ. ਆਈ. ਭੇਜ ਦਿਓ- ਇਹ ਹੈ ਮਦਰ ਆਫ ਡੈਮੋਕ੍ਰੇਸੀ। ਸਭ ਤੋਂ ਪ੍ਰਮੁੱਖ ਵਿਰੋਧੀ ਪਾਰਟੀ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿਓ-ਇਹ ਹੈ ਮਦਰ ਆਫ ਡੈਮੋਕ੍ਰੇਸੀ।