ਸਰਕਾਰ ਨੇ ਬਦਲੀ ਡਿਸਚਾਰਜ ਨੀਤੀ, ਲੱਛਣ ਦੇ ਆਧਾਰ 'ਤੇ ਬਣਾਈਆਂ ਤਿੰਨ ਕੈਟੇਗਰੀਜ਼

05/09/2020 10:25:18 PM

ਨਵੀਂ ਦਿੱਲੀ (ਭਾਸ਼ਾ)- ਕੋਰੋਨਾ ਇਨਫੈਕਟਿਡਾਂ ਦੇ ਇਲਾਜ ਅਤੇ ਡਿਸਚਾਰਜ ਦੀ ਨੀਤੀ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਕੀਤੇ ਗਏ ਇਸ ਬਦਲਾਅ ਤੋਂ ਬਾਅਦ ਉਨ੍ਹਾਂ ਮਰੀਜ਼ਾਂ ਨੂੰ ਥੋੜ੍ਹੀ ਰਾਹਤ ਮਿਲੇਗੀ ਜੋ ਕੁਆਰੰਟੀਨ ਦੇ ਡਰ ਤੋਂ ਸਾਹਮਣੇ ਆਉਣ ਤੋਂ ਬਚ ਰਹੇ ਹਨ। ਪਹਿਲਾਂ 14 ਦਿਨ ਦਾ ਆਈਸੋਲੇਸ਼ਨ ਜ਼ਰੂਰੀ ਸੀ, ਹੁਣ ਨਹੀਂ ਹੋਵੇਗਾ। ਮੰਤਰਾਲੇ ਵਲੋਂ ਜਾਰੀ ਨਵੀਂ ਨੀਤੀ ਵਿਚ ਇਨਫੈਕਸ਼ਨ ਦੇ ਲੱਛਣ ਦੇਆਧਾਰ 'ਤੇ ਤਿੰਨ  ਕੈਟੇਗਰੀ ਬਣਾਈ ਗਈ ਹੈ। ਇਕ ਆਮ ਲੱਛਣ ਵਾਲੇ, ਦੂਜਾ ਥੋੜਾ ਗੰਭੀਰ ਲੱਛਣ ਵਾਲੇ ਅਤੇ ਤੀਜਾ ਗੰਭੀਰ ਲੱਛਣ ਵਾਲੇ। ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਹਨ ਜਾਂ ਬਹੁਤ ਹਲਕੇ ਹਨ, ਉਨ੍ਹਾਂ ਨੂੰ ਕੋਵਿਡ ਕੇਅਰ ਫੈਸਿਲਟੀ ਵਿਚ ਰੱਖਿਆ ਜਾਵੇਗਾ। ਜਿਨ੍ਹਾਂ ਵਿਚ ਥੋੜ੍ਹੇ ਗੰਭੀਰ ਲੱਛਣ ਹਨ, ਉਨ੍ਹਾਂ ਨੂੰ ਡੈਡੀਕੇਟਿਡ ਕੋਵਿਡ ਹੈਲਥ ਸੈਂਟਰ ਵਿਚ ਆਕਸੀਜਨ ਬੈਡਸ 'ਤੇ ਰੱਖਿਆ ਜਾਵੇਗਾ ਅਤੇ ਜਿਨ੍ਹਾਂ ਵਿਚ ਗੰਭੀਰ ਲੱਛਣ ਹਨ ਅਤੇ ਆਕਸੀਜਨ ਸਪੋਰਟ 'ਤੇ ਹਨ, ਉਨ੍ਹਾਂ ਨੂੰ ਕਲੀਨਿਕਲ ਸਿੰਪਟਸਮ ਦੂਰ ਹੋਣ ਤੋਂ ਬਾਅਦ ਹੀ ਡਿਸਚਾਰਜ ਕੀਤਾ ਜਾਵੇਗਾ।
ਬਹੁਤ ਹਲਕੇ ਲੱਛਣ ਵਾਲੇ ਮਰੀਜ਼
ਬਹੁਤ ਹਲਕੇ ਲੱਛਣ ਵਾਲੇ ਮਰੀਜ਼ਾਂ ਵਿਚੋਂ ਉਹ ਮਰੀਜ਼ ਸ਼ਾਮਲ ਹਨ ਜਿਨ੍ਹਾਂ ਨੂੰ ਬਿਨਾਂ ਦਵਾਈ ਦਿੱਤੇ ਹੀ ਤਿੰਨ ਦਿਨ ਵਿਚ ਬੁਖਾਰ ਉੱਤਰ ਜਾਵੇ ਤਾਂ 10 ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾ ਸਕਦੀ ਹੈ। ਇਨ੍ਹਾਂ ਦਾ ਨਿਯਮਿਤ ਤੂਰ ਨਾਲ ਤਾਪਮਾਨ ਦੀ ਜਾਂਚ ਹੋਵੇਗੀ ਅਤੇ ਪਲਸ ਆਕਸੀਮੇਟਰੀ ਮਾਨੀਟਰਿੰਗ ਹੁੰਦੀ ਰਹੇਗੀ। ਜੇਕਰ ਸਭ ਕੁਝ ਆਮ ਰਹਿੰਦਾ ਹੈ ਤਾਂ ਡਿਸਚਾਰਜ ਤੋਂ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਦੀ ਟੈਸਟਿੰਗ ਦੀ ਲੋੜ ਨਹੀਂ ਹੋਵੇਗੀ। ਸ਼ਰਤ ਇਹ ਹੈ ਕਿ ਮਰੀਜ਼ ਨੂੰ ਸਾਹ ਲੈਣ ਵਿਚ ਕੋਈ ਦਿੱਕਤ ਨਾ ਹੋਵੇ ਅਤੇ ਆਕਸੀਜਨ ਦੀ ਲੋੜ ਨਾ ਹੋਵੇ। ਪਰ ਡਿਸਚਾਰਜ ਤੋਂ ਬਾਅਦ ਉਨ੍ਹਾਂ ਨੂੰ ਵੀ 7 ਦਿਨ ਲਈ ਘਰ ਵਿਚ ਹੀ ਆਈਸੋਲੇਸ਼ਨ ਵਿਚ ਰਹਿਣਾ ਲਾਜ਼ਮੀ ਹੈ। 
ਥੋੜ੍ਹੇ ਗੰਭੀਰ ਲੱਛਣ ਵਾਲੇ ਮਰੀਜ਼
ਥੋੜ੍ਹੇ ਗੰਭੀਰ ਲੱਛਣ ਵਾਲੇ ਮਰੀਜ਼ਾਂ ਵਿਚ ਅਜਿਹੇ ਲੋਕਾਂ ਨੂੰ ਰੱਖਿਆ ਗਿਆ ਹੈ ਜਿਨ੍ਹਾਂ ਦਾ ਬੁਖਾਰ ਜੇਕਰ ਤਿੰਨ ਦਿਨ ਵਿਚ ਠੀਕ ਹੋ ਜਾਂਦਾ ਹੈ ਅਤੇ ਆਕਸੀਜਨ ਸੈਂਚੂਰੇਸ਼ਨ 95 ਫੀਸਦੀ ਤੋਂ ਜ਼ਿਆਦਾ ਰਹਿੰਦਾ ਹੈ ਤਾਂ 10 ਦਿਨ ਵਿਚ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ। ਇਨ੍ਹਾਂ ਨੂੰ ਵੀ ਡਿਸਚਾਰਜ ਤੋਂ ਪਹਿਲਾਂ ਕੋਰੋਨਾ ਟੈਸਟਿੰਗ ਦੀ ਲੋੜ ਨਹੀਂ ਹੈ। ਨਾਲ ਹੀ ਡਿਸਚਾਰਜ ਤੋਂ ਬਾਅਦ 7 ਦਿਨ ਤੱਕ ਹੋਮ ਆਈਸੋਲੇਸ਼ਨ ਵਿਚ ਰਹਿਣਾ ਲਾਜ਼ਮੀ ਹੈ।
ਗੰਭੀਰ ਲੱਛਣ ਵਾਲੇ ਮਰੀਜ਼
ਗੰਭੀਰ ਲੱਛਣ ਵਾਲੇ ਮਰੀਜ਼ਾਂ ਵਿਚੋਂ ਉਹ ਲੋਕ ਜਿਨ੍ਹਾਂ ਨੂੰ ਆਕਸੀਜਨ ਦਿੱਤਾ ਗਿਆ ਹੈ। ਅਤੇ ਜਿਨ੍ਹਾਂ ਦਾ ਬੁਖਾਰ ਤਿੰਨ ਦਿਨ ਬਾਅਦ ਵੀ ਠੀਕ ਨਹੀਂ ਹੋਇਆ ਹੈ। ਆਕਸੀਜਨ ਦੀ ਲੋੜ ਬਣੀ ਹੋਈ ਹੈ ਤਾਂ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਜਾਵੇਗਾ। ਕਲੀਨੀਕਲ ਸਿੰਪਟਮਸ ਦੂਰ ਹੋਣ ਤੋਂ ਬਾਅਦ ਹੀ ਡਿਸਚਾਰਜ ਤੋਂ ਪਹਿਲਾਂ ਆਰ.ਟੀ.-ਪੀ.ਸੀ.ਆਰ ਟੈਸਟ ਨੈਗੇਟਿਵ ਆਉਣਾ ਵੀ ਲਾਜ਼ਮੀ ਹੈ। ਇਸ ਤੋਂ ਇਲਾਵਾ ਐਚ.ਆਈ.ਵੀ. ਅਤੇ ਹੋਰ ਗੰਭੀਰ ਬੀਮਾਰੀਆਂ ਵਾਲੇ ਮਰੀਜ਼ ਨੂੰ ਆਰ.ਟੀ.-ਪੀ.ਸੀ.ਆਰ ਟੈਸਟ ਵਿਚ ਨੈਗੇਟਿਵ ਆਉਣ ਤੋਂ ਬਾਅਦ ਹੀ ਡਿਸਚਾਰਜ ਕੀਤਾ ਜਾਵੇਗਾ।
 


Sunny Mehra

Content Editor

Related News