ਮੋਦੀ ਕੈਬਨਿਟ ਨੇ 24,657 ਕਰੋੜ ਰੁਪਏ ਦੇ 8 ਰੇਲ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ, ਆਰਥਿਕ ਵਿਕਾਸ ਨੂੰ ਮਿਲੇਗਾ ਹੁਲਾਰਾ

Saturday, Aug 10, 2024 - 02:30 AM (IST)

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਕੈਬਨਿਟ ਦੀ ਮੀਟਿੰਗ ਹੋਈ। ਇਸ ਬੈਠਕ 'ਚ ਸ਼ੁੱਕਰਵਾਰ ਨੂੰ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ 8 ਨਵੇਂ ਰੇਲਵੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਪ੍ਰਾਜੈਕਟਾਂ ਬਾਰੇ ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਸੰਪਰਕ ਵਧੇਗਾ, ਯਾਤਰਾ ਆਸਾਨ ਹੋਵੇਗੀ, ਤੇਲ ਦੀ ਦਰਾਮਦ ਘਟੇਗੀ ਅਤੇ ਕਾਰਬਨ ਨਿਕਾਸੀ ਵੀ ਘਟੇਗੀ। 

ਕੈਬਨਿਟ ਦੇ ਫੈਸਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਪ੍ਰਸਤਾਵਿਤ ਪ੍ਰਾਜੈਕਟ ਲੌਜਿਸਟਿਕਸ ਕੁਸ਼ਲਤਾ ਵਿਚ ਸੁਧਾਰ ਕਰਨਗੇ ਅਤੇ ਅਣ-ਕੁਨੈਕਟਿਡ ਖੇਤਰਾਂ ਨੂੰ ਜੋੜ ਕੇ ਟਰਾਂਸਪੋਰਟ ਨੈਟਵਰਕ ਵਿਚ ਸੁਧਾਰ ਕਰਨਗੇ। ਇਹ ਸਪਲਾਈ ਲੜੀ ਨੂੰ ਸੁਚਾਰੂ ਬਣਾਏਗਾ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ 24,657 ਕਰੋੜ ਰੁਪਏ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ 767 ਕਰੋੜ ਕਿਲੋਗ੍ਰਾਮ ਕਾਰਬਨ ਨਿਕਾਸੀ ਘਟੇਗੀ। ਇਹ 30 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ। 

ਇਹ ਵੀ ਪੜ੍ਹੋ : ਬੱਸ ਦੀ ਲਪੇਟ 'ਚ ਆਉਣ ਕਾਰਨ ਦੂਜੀ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੀ ਮੌਤ, ਦੋ ਹੋਰ ਬੱਚੇ ਹੋਏ ਜ਼ਖਮੀ

ਅਧਿਕਾਰਤ ਬਿਆਨ ਮੁਤਾਬਕ, ਇਹ ਪ੍ਰਾਜੈਕਟ 'ਮਲਟੀ-ਮੋਡਲ ਕਨੈਕਟੀਵਿਟੀ' ਲਈ ਪ੍ਰਧਾਨ ਮੰਤਰੀ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦਾ ਨਤੀਜਾ ਹਨ, ਜੋ ਏਕੀਕ੍ਰਿਤ ਯੋਜਨਾਬੰਦੀ ਦੁਆਰਾ ਸੰਭਵ ਬਣਾਇਆ ਗਿਆ ਹੈ ਅਤੇ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ। ਇਹ ਪ੍ਰਾਜੈਕਟ ਸੱਤ ਰਾਜਾਂ ਓਡੀਸ਼ਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਝਾਰਖੰਡ, ਬਿਹਾਰ, ਤੇਲੰਗਾਨਾ ਅਤੇ ਪੱਛਮੀ ਬੰਗਾਲ ਦੇ 14 ਜ਼ਿਲ੍ਹਿਆਂ ਨੂੰ ਕਵਰ ਕਰਦੇ ਹਨ। ਇਹ ਪ੍ਰਾਜੈਕਟ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ 900 ਕਿਲੋਮੀਟਰ ਤੱਕ ਵਧਾਏਗਾ। 

ਬਿਆਨ ਮੁਤਾਬਕ, ਇਨ੍ਹਾਂ ਪ੍ਰਾਜੈਕਟਾਂ ਤਹਿਤ 64 ਨਵੇਂ ਸਟੇਸ਼ਨ ਬਣਾਏ ਜਾਣਗੇ, ਜੋ 6 ਅਭਿਲਾਸ਼ੀ ਜ਼ਿਲ੍ਹਿਆਂ (ਪੂਰਬੀ ਸਿੰਘਭੂਮ, ਭਦਾਦਰੀ ਕੋਠਾਗੁਡਮ, ਮਲਕਾਨਗਿਰੀ, ਕਾਲਾਹਾਂਡੀ, ਨਬਰੰਗਪੁਰ, ਰਾਏਗੜ੍ਹ) ਦੇ ਲਗਭਗ 510 ਪਿੰਡਾਂ ਅਤੇ 40 ਲੱਖ ਲੋਕਾਂ ਨਾਲ ਸੰਪਰਕ ਵਧਾਏਗਾ। ਇਨ੍ਹਾਂ ਤਹਿਤ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਅਜੰਤਾ ਦੀਆਂ ਗੁਫਾਵਾਂ ਨੂੰ ਭਾਰਤੀ ਰੇਲਵੇ ਨੈੱਟਵਰਕ ਨਾਲ ਜੋੜਿਆ ਜਾਵੇਗਾ, ਜਿਸ ਨਾਲ ਵੱਡੀ ਗਿਣਤੀ ਵਿਚ ਸੈਲਾਨੀਆਂ ਨੂੰ ਸਹੂਲਤ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


Sandeep Kumar

Content Editor

Related News