ਗੋਰਖਪੁਰ ਦੀ ਪਹਿਲੀ ਮਹਿਲਾ ਪਾਇਲਟ ਨੇ ਕੀਤੀ ਖੁਦਕੁਸ਼ੀ, ਬੁਆਏਫ੍ਰੈਂਡ ਗ੍ਰਿਫਤਾਰ
Wednesday, Nov 27, 2024 - 09:02 PM (IST)
ਨੈਸ਼ਨਲ ਡੈਸਕ - ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਪਵਈ ਇਲਾਕੇ 'ਚ ਏਅਰ ਇੰਡੀਆ ਦੀ ਮਹਿਲਾ ਪਾਇਲਟ ਨੇ ਖੁਦਕੁਸ਼ੀ ਕਰ ਲਈ ਹੈ। ਪਵਈ ਪੁਲਸ ਨੇ 25 ਸਾਲਾ ਸ੍ਰਿਸ਼ਟੀ ਤੁਲੀ ਦੀ ਮੌਤ ਦੇ ਮਾਮਲੇ 'ਚ 27 ਸਾਲਾ ਪ੍ਰੇਮੀ ਆਦਿਤਿਆ ਪੰਡਿਤ ਨੂੰ ਗ੍ਰਿਫਤਾਰ ਕੀਤਾ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ 'ਤੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਨਾਲ ਦੁਰਵਿਵਹਾਰ ਕਰਦਾ ਸੀ। ਉਸ ਨੂੰ ਨਾਨ-ਵੈਜ ਵੀ ਨਹੀਂ ਖਾਣ ਦਿੰਦਾ ਸੀ। ਤੁਲੀ ਉਸਨੂੰ ਬਹੁਤ ਪਿਆਰ ਕਰਦੀ ਸੀ ਪਰ ਉਹ ਮਾੜੇ ਵਿਵਹਾਰ ਤੋਂ ਤੰਗ ਆ ਚੁੱਕੀ ਸੀ।
ਪੁਲਸ ਨੂੰ ਮੁੱਢਲੀ ਜਾਂਚ ਵਿੱਚ ਤੰਗ ਪ੍ਰੇਸ਼ਾਨ ਕਰਨ ਦਾ ਵੀ ਪਤਾ ਲੱਗਾ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਸ਼ੀ ਨੇ ਸ੍ਰਿਸ਼ਟੀ ਦਾ ਕਤਲ ਕੀਤਾ ਹੈ। ਬਾਅਦ ਵਿੱਚ ਇਸ ਕਤਲ ਨੂੰ ਖੁਦਕੁਸ਼ੀ ਵਰਗਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ੍ਰਿਸ਼ਟੀ ਅੰਧੇਰੀ ਦੇ ਮਰੋਲ ਇਲਾਕੇ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਸੀ। ਸੋਮਵਾਰ ਸਵੇਰੇ ਉਸ ਦੀ ਲਾਸ਼ ਮਿਲੀ। ਦੱਸਿਆ ਜਾ ਰਿਹਾ ਹੈ ਕਿ ਪੰਡਿਤ ਵੀ ਪਾਇਲਟ ਬਣਨ ਦੀ ਤਿਆਰੀ ਕਰ ਰਿਹਾ ਸੀ।
ਮੁਲਜ਼ਮ ਖ਼ਿਲਾਫ਼ ਕੇਸ ਦਰਜ
ਦੋਸ਼ ਹੈ ਕਿ ਐਤਵਾਰ ਨੂੰ ਜਦੋਂ ਤੁਲੀ ਡਿਊਟੀ ਤੋਂ ਵਾਪਸ ਆਈ ਤਾਂ ਪੰਡਿਤ ਨੇ ਉਸ ਨਾਲ ਝਗੜਾ ਕੀਤਾ। ਇਸ ਤੋਂ ਬਾਅਦ ਪੰਡਿਤ ਰਾਤ 1 ਵਜੇ ਦਿੱਲੀ ਲਈ ਰਵਾਨਾ ਹੋ ਗਿਆ। ਤੁਲੀ ਨੇ ਉਸ ਨੂੰ ਫੋਨ ਕਰ ਖੁਦਕੁਸ਼ੀ ਕਰਨ ਦੀ ਗੱਲ ਕਹੀ, ਜਿਸ ਤੋਂ ਬਾਅਦ ਉਹ ਵਾਪਿਸ ਆਇਆ ਤਾਂ ਦੇਖਿਆ ਕਿ ਕਮਰਾ ਅੰਦਰੋਂ ਬੰਦ ਸੀ। ਜਿਸ ਤੋਂ ਬਾਅਦ ਚਾਬੀ ਬਣਾਉਣ ਵਾਲੇ ਨੂੰ ਬੁਲਾਇਆ ਗਿਆ। ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਤੁਲੀ ਬੇਹੋਸ਼ ਪਈ ਸੀ। ਪੰਡਿਤ ਨੇ ਉਸ ਨੂੰ ਸੈਵਨ ਹਿਲਜ਼ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਵਈ ਥਾਣੇ ਦੇ ਸੀਨੀਅਰ ਇੰਸਪੈਕਟਰ ਜਤਿੰਦਰ ਸੋਨਾਵਣੇ ਮੁਤਾਬਕ ਪਰਿਵਾਰ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਮਹਿਲਾ ਦਾ ਫੋਨ ਟੈਸਟ ਲਈ ਲੈਬ ਭੇਜ ਦਿੱਤਾ ਗਿਆ ਹੈ।