ਗੋਰਖਨਾਥ ਮੰਦਰ ’ਚ ਅਣਪਛਾਤੇ ਵਿਅਕਤੀਆਂ ਵਲੋਂ ਭੰਨ-ਤੋੜ, ਮੂਰਤੀ ਨੂੰ ਵੀ ਪਹੁੰਚਾਇਆ ਨੁਕਸਾਨ
Monday, Oct 06, 2025 - 11:01 AM (IST)

ਜੂਨਾਗੜ੍ਹ (ਭਾਸ਼ਾ) - ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ’ਚ ਅਣਪਛਾਤੇ ਵਿਅਕਤੀਆਂ ਵਲੋਂ ਗਿਰਨਾਰ ਪਹਾੜੀ ’ਤੇ ਸਥਿਤ ਗੋਰਖਨਾਥ ਮੰਦਰ ’ਚ ਭੰਨ-ਤੋੜ ਕੀਤੀ ਗਈ ਅਤੇ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਐਤਵਾਰ ਨੂੰ ਦਿੱਤੀ ਗਈ ਹੈ। ਦੱਸ ਦੇਈਏ ਕਿ ਗੋਰਖਨਾਥ ਇਕ ਸਤਿਕਾਰਯੋਗ ਹਿੰਦੂ ਯੋਗੀ ਅਤੇ ਨਾਥ ਸੰਪ੍ਰਦਾਏ ਦੇ ਸੰਸਥਾਪਕ ਹਨ। 1,117 ਮੀਟਰ ਉੱਚੀ ਪਹਾੜੀ ’ਤੇ ਸਥਿਤ ਇਸ ਮੰਦਰ ’ਚ ਹੋਈ ਭੰਨ-ਤੋੜ ਨਾਲ ਸ਼ਰਧਾਲੂਆਂ ’ਚ ਗੁੱਸਾ ਹੈ ਅਤੇ ਉਨ੍ਹਾਂ ਨੇ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੇ ਸਬੰਧ ਵਿਚ ਪੁਲਸ ਅਨੁਸਾਰ ਸੰਗਮਰਮਰ ਦੀ ਮੂਰਤੀ ਦਾ ਸਿਰ ਤੋਡ਼ ਦਿੱਤਾ ਗਿਆ, ਜਦੋਂ ਕਿ ਮੰਦਰ ਦੇ ਕੱਚ ਦੇ ਦਰਵਾਜ਼ੇ ਦੇ ਨਾਲ-ਨਾਲ ਹੋਰ ਵਸਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਸਥਾਨਕ ਕ੍ਰਾਈਮ ਬ੍ਰਾਂਚ, ਸਪੈਸ਼ਲ ਆਪ੍ਰੇਸ਼ਨ ਗਰੁੱਪ ਅਤੇ ਭਵਨਾਥ ਪੁਲਸ ਥਾਣੇ ਦੇ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।