ਧੜਾਧੜ ਰੱਦ ਹੋ ਰਹੀਆਂ ਇੰਡੀਗੋ ਫਲਾਈਟਾਂ ਵਿਚਾਲੇ ਯਾਤਰੀਆਂ ਲਈ ਵੱਡੀ ਰਾਹਤ ! ਨਹੀਂ ਹੋਵੇਗਾ ਕੋਈ ਨੁਕਸਾਨ
Saturday, Dec 06, 2025 - 11:18 AM (IST)
ਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਦੇਸ਼ ਦੀ ਕਿਫਾਇਤੀ ਏਅਰਲਾਈਨ ਇੰਡੀਗੋ ਦਾ ਚੱਲਦਾ ਆ ਰਿਹਾ ਆਪਰੇਸ਼ਨਲ ਸੰਕਟ ਲਗਾਤਾਰ ਜਾਰੀ ਹੈ। ਇੰਡੀਗੋ ਨੂੰ ਪਾਇਲਟਾਂ ਲਈ ਨਵੇਂ ਫਲਾਈਟ ਡਿਊਟੀ ਟਾਈਮ ਲਿਮੀਟੇਸ਼ਨ (FDTL) ਨਿਯਮਾਂ ਨੂੰ ਲਾਗੂ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਕਟ ਅਤੇ ਕ੍ਰੂ ਮੈਂਬਰਾਂ ਦੀ ਲਗਾਤਾਰ ਕਮੀ ਕਾਰਨ ਅੱਜ ਵੀ ਕੰਪਨੀ ਦੀਆਂ ਸੈਂਕੜੇ ਉਡਾਣਾਂ ਰੱਦ ਹੋ ਚੁੱਕੀਆਂ ਹਨ।
ਇਸ ਮੁਸ਼ਕਲ ਸਥਿਤੀ ਦੌਰਾਨ ਜਿਨ੍ਹਾਂ ਯਾਤਰੀਆਂ ਨੂੰ ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਦੇ ਰੱਦ ਹੋਣ ਜਾਂ ਦੇਰੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਉਨ੍ਹਾਂ ਲਈ ਏਅਰਲਾਈਨ ਨੇ ਰੀ-ਬੁਕਿੰਗ ਅਤੇ ਰਿਫੰਡ ਲਈ ਤਿੰਨ ਮੁੱਖ ਵਿਕਲਪ ਪ੍ਰਦਾਨ ਕੀਤੇ ਹਨ। ਇੰਡੀਗੋ ਨੇ ਉਡਾਣਾਂ ਵਿੱਚ ਵਿਘਨ ਦਾ ਕਾਰਨ ਪਾਇਲਟਾਂ ਦੀ ਉਪਲਬਧਤਾ, ਤਕਨੀਕੀ ਖਰਾਬੀਆਂ, ਖਰਾਬ ਮੌਸਮ, ਅਤੇ ਫਲਾਈਟ ਡਿਊਟੀ ਟਾਈਮ ਲਿਮਟੇਸ਼ਨ (FDTL) ਨਿਯਮਾਂ ਨੂੰ ਲਾਗੂ ਕਰਨਾ ਦੱਸਿਆ ਹੈ।
ਕੀ ਕਰਨ ਯਾਤਰੀ ?
ਇਸ ਦੌਰਾਨ ਜੇਕਰ ਤੁਹਾਡੀ ਫਲਾਈਟ ਰੱਦ ਹੋ ਜਾਂਦੀ ਹੈ ਜਾਂ ਉਸ ਦੇ ਸਮੇਂ ਵਿੱਚ ਵੱਡੀ ਤਬਦੀਲੀ ਹੁੰਦੀ ਹੈ ਤਾਂ ਹੇਠਾਂ ਦਿੱਤੇ ਤਰੀਕਿਆਂ ਨਾਲ ਤੁਸੀਂ ਆਪਣੀ ਮਰਜ਼ੀ ਮੁਤਾਬਕ ਆਪਣੇ ਸਫ਼ਰ ਦੇ ਆਪਸ਼ਨ ਦੀ ਚੋਣ ਕਰ ਸਕਦੇ ਹੋ।
ਪੂਰਾ ਰਿਫੰਡ
ਜੇਕਰ ਯਾਤਰੀ ਹੁਣ ਯਾਤਰਾ ਨਹੀਂ ਕਰਨਾ ਚਾਹੁੰਦੇ, ਤਾਂ ਉਹ ਟਿਕਟ ਦੀ ਪੂਰੀ ਰਾਸ਼ੀ ਦੇ ਰਿਫੰਡ ਲਈ ਅਪਲਾਈ ਕਰ ਸਕਦੇ ਹਨ।
ਮੁਫਤ ਰੀ-ਬੁਕਿੰਗ
ਇਸ ਤੋਂ ਇਲਾਵਾ ਜੇਕਰ ਯਾਤਰੀ ਆਪਣੀ ਯਾਤਰਾ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਹ ਬਿਨਾਂ ਕਿਸੇ ਵਾਧੂ ਖਰਚੇ ਦੇ ਕਿਸੇ ਹੋਰ ਉਪਲਬਧ ਫਲਾਈਟ 'ਤੇ ਆਪਣੀ ਯਾਤਰਾ ਲਈ ਦੁਬਾਰਾ ਬੁਕਿੰਗ ਕਰਵਾ ਸਕਦੇ ਹਨ।
'ਪਲਾਨ ਬੀ'
ਯਾਤਰੀਆਂ ਕੋਲ ਟਿਕਟ ਦੇ ਪੈਸਿਆਂ ਨੂੰ ਏਅਰਲਾਈਨ ਦੇ 'ਪਲਾਨ ਬੀ' ਜਾਂ ਕਰੈਡਿਟ ਸ਼ੈੱਲ ਵਿੱਚ ਰੱਖਣ ਦੀ ਆਪਸ਼ਨ ਵੀ ਹੁੰਦੀ ਹੈ। ਇਸ ਕਰੈਡਿਟ ਸ਼ੈੱਲ ਦੀ ਵਰਤੋਂ ਭਵਿੱਖ ਵਿੱਚ ਕਿਸੇ ਵੀ ਸਮੇਂ ਫਲਾਈਟ ਟਿਕਟ ਬੁੱਕ ਕਰਨ ਲਈ ਕੀਤੀ ਜਾ ਸਕਦੀ ਹੈ।
ਇੰਝ ਕਰੋ ਅਪਲਾਈ
ਇਸ ਤਰ੍ਹਾਂ ਦੀ ਪਰੇਸ਼ਾਨੀ ਦੌਰਾਨ ਯਾਤਰੀ ਹੇਠਾਂ ਦਿੱਤੇ ਤਰੀਕਿਆਂ ਰਾਹੀਂ ਆਪਣੀ ਸਹੂਲਤ ਮੁਤਾਬਕ ਰਿਫੰਡ, ਰੀ-ਬੁਕਿੰਗ ਜਾਂ 'ਪਲਾਨ ਬੀ' ਦੀ ਚੋਣ ਕਰ ਸਕਦੇ ਹਨ :
ਏਅਰਲਾਈਨ ਦੀ ਵੈੱਬਸਾਈਟ
ਜਿਨ੍ਹਾਂ ਯਾਤਰੀਆਂ ਦੀ ਫਲਾਈਟ ਇਸ ਤਰ੍ਹਾਂ ਲੰਬੇ ਸਮੇਂ ਲਈ ਦੇਰੀ ਨਾਲ ਉੱਡਣ ਲਈ ਸ਼ੈਡਿਊਲ ਹੋ ਜਾਵੇ ਜਾਂ ਫ਼ਿਰ ਰੱਦ ਹੋ ਜਾਵੇ ਤਾਂ ਉਹ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੀ ਪਸੰਦ ਦੇ ਆਪਸ਼ਨ ਨੂੰ ਸਿਲੈਕਟ ਕਰ ਕੇ ਅਪਲਾਈ ਕਰ ਸਕਦੇ ਹਨ।
ਕਸਟਮਰ ਕੇਅਰ
ਇਸ ਤੋਂ ਇਲਾਵਾ ਏਅਰਲਾਈਨ ਕੰਪਨੀ ਦੇ ਕਸਟਮਰ ਕੇਅਰ ਨਾਲ ਸੰਪਰਕ ਕਰਕੇ ਵੀ ਇਹ ਆਪਸ਼ਨ ਸਿਲੈਕਟ ਕੀਤਾ ਜਾ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜ਼ਿਕਰਯੋਗ ਹੈ ਕਿ ਇਹ ਸਾਰੇ ਆਰਸ਼ਨ ਸਿਰਫ਼ ਉਨ੍ਹਾਂ ਯਾਤਰੀਆਂ ਲਈ ਉਪਲਬਧ ਹਨ ਜਿਨ੍ਹਾਂ ਦੀ ਫਲਾਈਟ ਰੱਦ ਹੋ ਗਈ ਹੈ ਜਾਂ ਜਿਨ੍ਹਾਂ ਦੀ ਉਡਾਣ ਦੇ ਸਮੇਂ ਵਿੱਚ 90 ਮਿੰਟ ਜਾਂ ਇਸ ਤੋਂ ਵੱਧ ਦੀ ਤਬਦੀਲੀ ਕੀਤੀ ਗਈ ਹੈ। ਇਸ ਸਹੂਲਤ ਦੀ ਵਰਤੋਂ ਲਈ, ਯਾਤਰੀ ਨੂੰ ਆਪਣੀ ਬੁਕਿੰਗ ਦੀ ਪੀ.ਐੱਨ.ਆਰ. (PNR) ਅਤੇ ਆਖਰੀ ਨਾਮ ਜਾਂ ਈਮੇਲ ਆਈ.ਡੀ. ਦੀ ਵਰਤੋਂ ਕਰਨੀ ਪਵੇਗੀ। ਇਹ ਆਪਸ਼ਨ ਯਾਤਰੀਆਂ ਨੂੰ ਰੱਦ ਹੋਈ ਉਡਾਣ ਦੇ 15 ਦਿਨਾਂ ਦੇ ਅੰਦਰ ਉਪਲਬਧ ਹੋ ਜਾਂਦੇ ਹਨ। ਏਅਰਲਾਈਨ ਨੇ ਭਰੋਸਾ ਦਿੱਤਾ ਹੈ ਕਿ ਉਹ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੀ ਹੈ।
