''ਗੋਲਡਨ ਬੁਆਏ'' ਨੀਰਜ ਚੋਪੜਾ ਨੂੰ ਭਾਰਤੀ ਫੌਜ ਵੱਲੋਂ ਮਿਲਿਆ ਵੱਡਾ ਸਨਮਾਨ, ਬਣੇ ਲੈਫਟੀਨੈਂਟ ਕਰਨਲ

Wednesday, May 14, 2025 - 08:34 PM (IST)

''ਗੋਲਡਨ ਬੁਆਏ'' ਨੀਰਜ ਚੋਪੜਾ ਨੂੰ ਭਾਰਤੀ ਫੌਜ ਵੱਲੋਂ ਮਿਲਿਆ ਵੱਡਾ ਸਨਮਾਨ, ਬਣੇ ਲੈਫਟੀਨੈਂਟ ਕਰਨਲ

ਨੈਸ਼ਨਲ ਡੈਸਕ- ਭਾਰਤ ਦੇ ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ ਭਾਰਤੀ ਫੌਜ 'ਚ ਇਕ ਵੱਡੀ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਨੂੰ ਟੈਰੀਟੋਰੀਅਲ ਆਰਮੀ 'ਚ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਇਕ ਇਤਿਹਾਸਿਕ ਪ੍ਰਾਪਤੀ ਹੈ ਕਿਉਂਕਿ ਨੀਰਜ ਚੋਪੜਾ, ਜਿਨ੍ਹਾਂ ਨੇ ਟੋਕੀਓ ਓਲੰਪਿਕ 2021 'ਚ ਜੈਵਲਿਨ ਥ੍ਰੋਅ 'ਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ, ਹੁਣ ਭਾਰਤੀ ਫੌਜ ਦਾ ਹਿੱਸਾ ਬਣ ਗਏ ਹਨ। 

ਨੀਰਜ ਚੋਪੜਾ ਬਣੇ ਲੈਫਟੀਨੈਂਟ ਕਰਨਲ

ਨੀਰਜ ਚੋਪੜਾ ਨੂੰ ਭਾਰਤ ਦੀ ਟੈਰੀਟੋਰੀਅਲ ਆਰਮੀ ਦੇ ਰੈਗੂਲੇਸ਼ਨ 1948 ਤਹਿਤ ਲੈਫਟੀਨੈਂਟ ਕਰਨਲ ਦਾ ਅਹੁਦਾ ਦਿੱਤਾ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਨੀਰਜ ਚੋਪੜਾ ਭਾਰਤੀ ਫੌਜ ਦੇ ਰਾਜਪੂਤਾਨਾ ਰਾਈਫਲਸ 'ਚ ਸੂਬੇਦਾਰ ਦੇ ਅਹੁਦੇ 'ਤੇ ਸਨ। ਨੀਰਜ 2016 'ਚ ਭਾਰਤੀ ਫੌਜ 'ਚ ਨਾਇਬ ਸੂਬੇਦਾਰ ਦੇ ਤੌਰ 'ਤੇ ਸ਼ਾਮਲ ਹੋਏ ਸਨ ਅਤੇ ਹੁਣ ਉਨ੍ਹਾਂ ਦੀ ਪ੍ਰਮੋਸ਼ਨ ਹੋਈ ਹੈ। 

ਨੀਰਜ ਚੋਪੜਾ ਦਾ ਓਲੰਪਿਕ ਸਫਰ

ਨੀਰਜ ਚੋਪੜਾ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਟੋਕੀਓ ਓਲੰਪਿਕ 2021 'ਚ ਇਤਿਹਾਸ ਰਚ ਦਿੱਤਾ ਸੀ। ਉਨ੍ਹਾਂ ਨੇ ਜੈਵਲਿਨ ਥ੍ਰੋਅ ਮੁਕਾਬਲੇਬਾਜ਼ੀ 'ਚ ਭਾਰਤ ਲਈ ਪਹਿਲਾ ਨਿੱਜੀ ਗੋਲਡ ਮੈਡਲ ਜਿੱਤਿਆ ਸੀ। ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ 'ਚ 87.58 ਮੀਟਰ ਦੀ ਦੂਰੀ ਤੈਅ ਕਰਕੇ ਗੋਲਡ ਮੈਡਲ ਆਪਣੇ ਨਾਂ ਕੀਤਾ। ਉਨ੍ਹਾਂ ਦਾ ਇਹ ਗੋਲਡ ਮੈਡਲ ਭਾਰਤ ਲਈ ਇਕ ਗਰਵ ਦਾ ਪਲ ਸੀ ਕਿਉਂਕਿ ਉਹ ਦੇਸ਼ ਦੇ ਪਹਿਲੇ ਟ੍ਰੈਕ ਅਤੇ ਫੀਲਡ ਐਥਲੀਟ ਬਣੇ, ਜਿਨ੍ਹਾਂ ਨੇ ਨਿੱਜੀ ਗੋਲਡ ਜਿੱਤਿਆ ਸੀ। 

ਪੈਰਿਸ ਓਲੰਪਿਕ 2024 'ਚ ਸਿਲਵਰ ਮੈਡਲ

ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਮਗਰੋਂ ਪੈਰਿਸ ਓਲੰਪਿਕ 2024 'ਚ ਵੀ ਆਪਣਾ ਜਲਵਾ ਦਿਖਾਇਆ। ਉਨ੍ਹਾਂ ਨੇ ਪੈਰਿਸ ਓਲੰਪਿਕ 'ਚ ਸਿਲਵਰ ਮੈਡਲ ਜਿੱਤਿਆ ਅਤੇ ਆਪਣੀ ਸਫਲਤਾ ਦਾ ਨਵਾਂ ਇਤਿਹਾਸ ਰਚਿਆ। ਇਹ ਲਗਾਤਾਰ ਦੋ ਓਲੰਪਿਕ 'ਚ ਮੈਡਲ ਜਿੱਤਣ ਦਾ ਵਿਲੱਖਣ ਰਿਕਾਰਡ ਹੈ। 

ਟੈਰੀਟੋਰੀਅਲ ਆਰਮੀ 'ਚ ਨੀਰਜ ਚੋਪੜਾ ਦਾ ਯੋਗਦਾਨ

ਨੀਰਜ ਚੋਪੜਾ ਦੇ ਨਾਲ ਹੀ ਭਾਰਤੀ ਫੌਜ 'ਚ ਇਹ ਸਨਮਾਨ ਪਹਿਲਾਂ ਤੋਂ ਹੀ ਖੇਡ ਜਗਤ ਦੇ ਕਈ ਹੋਰ ਸਿਤਾਰਿਆਂ ਨੂੰ ਪ੍ਰਾਪਤ ਹੋ ਚੁੱਕਾ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਟੈਰੀਟੋਰੀਅਲ ਆਰਮੀ 'ਚ ਹਨ। ਨੀਰਜ ਚੋਪੜਾ ਦਾ ਭਾਰਤੀ ਫੌਜ ਦਾ ਹਿੱਸਾ ਬਣਨਾ ਨਾ ਸਿਰਫ ਉਨ੍ਹਾਂ ਲਈ ਗਰਵ ਦੀ ਗੱਲ ਹੈ ਸਗੋਂ ਇਹ ਦੇਸ਼ ਦੇ ਨੌਜਵਾਨ ਖਿਡਾਰੀਆਂ ਨੂੰ ਵੀ ਪ੍ਰੇਰਿਤ ਕਰੇਗਾ ਕਿ ਉਹ ਆਪਣੀ ਖੇਡ ਸਮਰਥਾ ਦੇ ਨਾਲ-ਨਾਲ ਦੇਸ਼ ਦੀ ਸੇਵਾ ਲਈ ਵੀ ਆਪਣੇ ਕਰਤਵਾਂ ਨੂੰ ਨਿਭਾਉਣ।


author

Rakesh

Content Editor

Related News