ਮਿਸ਼ਨ 2024 ਤੋਂ ਪਹਿਲਾਂ ਕਾਂਗਰਸ ''ਚ ਵੱਡਾ ਫੇਰਬਦਲ, ਸ਼ਕਤੀ ਗੋਹਿਲ ਤੇ ਦੀਪਕ ਬਾਬਰੀਆ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
Saturday, Jun 10, 2023 - 01:24 PM (IST)
ਨਵੀਂ ਦਿੱਲੀ/ਹਰਿਆਣਾ- ਸਾਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਕਾਂਗਰਸ ਅੰਦਰ ਕਾਫੀ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਕਾਂਗਰਸ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਮੈਂਬਰ ਸ਼ਕਤੀ ਸਿੰਘ ਗੋਹਿਲ ਨੂੰ ਆਪਣੀ ਗੁਜਰਾਤ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਤੇ ਸੀਨੀਅਰ ਨੇਤਾ ਦੀਪਕ ਬਾਬਰੀਆ ਨੂੰ ਦਿੱਲੀ ਅਤੇ ਹਰਿਆਣਾ ’ਚ ਪਾਰਟੀ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਗੋਹਿਲ ਅਤੇ ਬਾਬਰੀਆਂ ਦੀ ਨਿਯੁਕਤੀ ਕੀਤੀ।
ਗੁਜਰਾਤ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਗੋਹਿਲ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਜਗਦੀਸ਼ ਠਾਕੋਰ ਦੀ ਜਗ੍ਹਾ ਲੈਣਗੇ। ਕਾਂਗਰਸ ਗੁਜਰਾਤ ਲਈ ਛੇਤੀ ਹੀ ਨਵੇਂ ਇੰਚਾਰਜ ਦਾ ਐਲਾਨ ਕਰ ਸਕਦੀ ਹੈ। ਕਾਂਗਰਸ ਦੇ ਗੁਜਰਾਤ ਇੰਚਾਰਜ ਰਘੂ ਸ਼ਰਮਾ ਨੇ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਸਭ ਤੋਂ ਮਾੜੀ ਹਾਰ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਸਾਲ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ 182 ਵਿਚੋਂ ਸਿਰਫ਼ 17 ਸੀਟਾਂ 'ਤੇ ਜਿੱਤ ਮਿਲੀ ਸੀ।
ਹਾਰ ਮਗਰੋਂ ਸੂਬਾ ਇਕਾਈ ਦੇ ਪ੍ਰਧਾਨ ਜਗਦੀਸ਼ ਠਾਕੋਰ ਨੇ ਵੀ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਗੁਜਰਾਤ ਨਾਲ ਸਬੰਧ ਰੱਖਣ ਵਾਲੇ ਬਾਬਰੀਆ ਨੂੰ ਗੋਹਿਲ ਦੀ ਥਾਂ 'ਤੇ ਹਰਿਆਣਾ ਅਤੇ ਦਿੱਲੀ ਦਾ ਇੰਚਾਰਜ ਬਣਾਇਆ ਗਿਆ ਹੈ। ਉਹ ਪਹਿਲਾਂ ਮੱਧ ਪ੍ਰਦੇਸ਼ ਦੇ ਇੰਚਾਰਜ ਵੀ ਰਹਿ ਚੁੱਕੇ ਹਨ। ਕਾਂਗਰਸ ਨੇ ਸੰਸਦ ਮੈਂਬਰ ਵੀ. ਵੈਥੀਲਿੰਗਮ ਨੂੰ ਪੁਡੂਚੇਰੀ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮਹਾਰਾਸ਼ਟਰ ਸਰਕਾਰ ਦੀ ਸਾਬਕਾ ਮੰਤਰੀ ਵਰਸ਼ਾ ਗਾਇਕਵਾੜ ਨੂੰ ਮੁੰਬਈ ਖੇਤਰੀ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਨੇ ਆਪਣੇ ਦੋ ਨੇਤਾਵਾਂ ਮੰਸੂਰ ਅਲੀ ਖਾਨ ਅਤੇ ਪੀ. ਸੀ. ਵਿਸ਼ਨੂੰਨਾਥ ਨੂੰ ਤੇਲੰਗਾਨਾ ਲਈ ਅਖਿਲ ਭਾਰਤੀ ਕਾਂਗਰਸ ਕਮੇਟੀ ਦਾ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ।