ਗੋਧਰਾ ਟਰੇਨ ਕਾਂਡ: ਦੋਸ਼ੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

Thursday, Dec 15, 2022 - 06:21 PM (IST)

ਗੋਧਰਾ ਟਰੇਨ ਕਾਂਡ: ਦੋਸ਼ੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸਾਲ 2002 ਵਿਚ ਗੋਧਰਾ 'ਚ ਟਰੇਨ ਕੋਚ ਨੂੰ ਸਾੜਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋਸ਼ੀ ਨੂੰ ਵੀਰਵਾਰ ਜ਼ਮਾਨਤ ਦੇ ਦਿੱਤੀ। ਕੋਰਟ ਨੇ ਇਹ ਆਖਦੇ ਹੋਏ ਦੋਸ਼ੀ ਨੂੰ ਜ਼ਮਾਨਤ ਦਿੱਤੀ ਕਿ ਉਹ ਪਿਛਲੇ 17 ਸਾਲਾਂ ਤੋਂ ਜੇਲ੍ਹ 'ਚ ਹੈ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਪੀ. ਐੱਸ ਨਰਸਿਨਹਾ ਦੀ ਬੈਂਚ ਨੇ ਦੋਸ਼ੀ ਫਾਰੂਕ ਵਲੋਂ ਪੇਸ਼ ਵਕੀਲ ਦੀ ਇਸ ਦਲੀਲ ਨੂੰ ਮਨਜ਼ੂਰ ਕਰ ਲਿਆ ਕਿ ਜੇਲ੍ਹ 'ਚ ਹੁਣ ਤਕ ਬਿਤਾਏ ਗਏ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਫਾਰੂਕ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।

ਸੁਪਰੀਮ ਕੋਰਟ 'ਚ ਮਾਮਲੇ ਦੇ ਕਈ ਦੋਸ਼ੀਆਂ ਦੀ ਦੋਸ਼ ਸਿੱਧੀ ਖ਼ਿਲਾਫ਼ ਦਾਇਰ ਪਟੀਸ਼ਨਾਂ ਵਿਚਾਰ ਅਧੀਨ ਹਨ। ਗੁਜਰਾਤ ਸਰਕਾਰ ਵਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਸਭ ਤੋਂ ਗੰਭੀਰ ਅਪਰਾਧ ਸੀ, ਜਿਸ 'ਚ ਔਰਤਾਂ ਅਤੇ ਬੱਚਿਆਂ ਸਮੇਤ 59 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਦੋਸ਼ੀਆਂ ਦੀ ਪਟੀਸ਼ਨਾਂ 'ਤੇ ਛੇਤੀ ਤੋਂ ਛੇਤੀ ਸੁਣਵਾਈ ਕੀਤੇ ਜਾਣ ਦੀ ਲੋੜ ਹੈ। ਫਾਰੂਕ ਸਮੇਤ ਕਈ ਹੋਰ ਲੋਕਾਂ ਨੂੰ ਗੋਧਰਾ 'ਚ ਸਾਬਰਮਤੀ ਐਕਸਪ੍ਰੈਸ ਦੇ ਕੋਚ 'ਤੇ ਪਥਰਾਅ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। 

ਤੁਸ਼ਾਰ ਮਹਿਤਾ ਨੇ ਕਿਹਾ ਕਿ ਆਮ ਤੌਰ 'ਤੇ ਪਥਰਾਅ ਮਾਮੂਲੀ ਅਪਰਾਧ ਮੰਨਿਆ ਜਾਂਦਾ ਹੈ ਪਰ ਉਕਤ ਮਾਮਲੇ 'ਚ ਟਰੇਨ ਦੇ ਕੋਚ ਨੂੰ ਵੱਖ ਕੀਤਾ ਗਿਆ ਸੀ ਅਤੇ ਇਹ ਯਕੀਨੀ ਕਰਨ ਲਈ ਉਸ 'ਤੇ ਪਥਰਾਅ ਕੀਤਾ ਗਿਆ ਸੀ ਕਿ ਯਾਤਰੀ ਬਾਹਰ ਨਾ ਆ ਸਕਣ। ਦੱਸਣਯੋਗ ਹੈ ਕਿ 27 ਫਰਵਰੀ 2002 ਨੂੰ ਗੁਜਰਾਤ ਦੇ ਗੋਧਰਾ ਵਿਚ ਸਾਬਰਮਤੀ ਐਕਸਪ੍ਰੈਸ ਰੇਲਗੱਡੀ ਦੇ S-6 ਕੋਚ ਨੂੰ ਅੱਗ ਲਗਾ ਦਿੱਤੀ ਗਈ ਸੀ, ਜਿਸ 'ਚ 59 ਯਾਤਰੀ ਮਾਰੇ ਗਏ ਸਨ ਅਤੇ ਸੂਬੇ ਭਰ ਵਿਚ ਫਿਰਕੂ ਦੰਗੇ ਭੜਕ ਗਏ ਸਨ।


author

Tanu

Content Editor

Related News