ਮੁੱਖ ਮੰਤਰੀ ਨੇ ਸਕੂਲੀ ਵਿਦਿਆਰਥੀਆਂ ਨਾਲ ਮਿਲ ਕੇ ਗਾਇਆ ''ਵੰਦੇ ਮਾਤਰਮ''
Friday, Jan 24, 2025 - 05:52 PM (IST)
ਪਣਜੀ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਸ਼ੁੱਕਰਵਾਰ ਨੂੰ ''ਵੰਦੇ ਮਾਤਰਮ'' ਦੀ ਰਚਨਾ ਦੀ 150ਵੀਂ ਵਰ੍ਹੇਗੰਢ ਦੇ ਮੌਕੇ ''ਤੇ ਇਕ ਸਕੂਲ ਪਹੁੰਚੇ ਅਤੇ ਬੱਚਿਆਂ ਨਾਲ ''ਵੰਦੇ ਮਾਤਰਮ'' ਗੀਤ ਗਾਇਆ। ਸਾਵੰਤ ਨੇ ਬੀਚੋਲੀਮ ਸਥਿਤ ‘ਅਵਰ ਲੇਡੀ ਆਫ ਗ੍ਰੇਸ ਹਾਈ ਸਕੂਲ’ ਦੇ ਵਿਦਿਆਰਥੀਆਂ ਨਾਲ ਮਿਲ ਕੇ ਰਾਸ਼ਟਰੀ ਗੀਤ ਗਾਇਆ। ਇਸ ਮੌਕੇ ਰਾਜ ਮੰਤਰੀ ਸੁਭਾਸ਼ ਸ਼ਿਰੋਡਕਰ, ਵਿਧਾਇਕ ਡਾ. ਚੰਦਰਕਾਂਤ ਸ਼ੈਟੀ, ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਗੀਤ ਦੀ ਰਚਨਾ ਦੇ 150 ਸਾਲ ਅਤੇ ਇਸ ਨੂੰ ਰਾਸ਼ਟਰੀ ਗੀਤ ਵਜੋਂ ਅਪਣਾਏ ਜਾਣ ਦੇ 75 ਸਾਲ ਪੂਰੇ ਹੋ ਗਏ ਹਨ। ਉਨ੍ਹਾਂ ਬੰਕਿਮ ਚੰਦਰ ਚੈਟਰਜੀ ਨੂੰ ਇਹ ਮਹਾਨ ਰਚਨਾ ਲਿਖਣ ਲਈ ਸਲਾਮ ਕੀਤਾ ਜਿਸਨੇ ਸੁਤੰਤਰਤਾ ਸੰਗਰਾਮ ਦੌਰਾਨ ਅਣਗਿਣਤ ਭਾਰਤੀਆਂ ਵਿਚ ਆਜ਼ਾਦੀ ਦੀ ਭਾਵਨਾ ਨੂੰ ਜਗਾਇਆ। ਸਾਵੰਤ ਨੇ ਗੋਆ ਭਰ ਦੇ ਸਕੂਲਾਂ ਵਿਚ ਵੰਦੇ ਮਾਤਰਮ ਦੇ ਗਾਇਨ ਨੂੰ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਲਈ ਵਿਵੇਕਾਨੰਦ ਕੇਂਦਰ ਅਤੇ ਸਿੱਖਿਆ ਡਾਇਰੈਕਟੋਰੇਟ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਗੀਤ ਦੇ ਅੰਤਿਮ ਸੰਦੇਸ਼ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਿਕਸਿਤ ਭਾਰਤ ਦਾ ਵਿਜ਼ਨ’ ਤਿਆਰ ਕੀਤਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਕੱਠੇ ਮਿਲ ਕੇ ਇਹ ਸੁਪਨਾ ਸਾਕਾਰ ਹੋਵੇਗਾ।