8 ਮੈਂਬਰਾਂ ਦੀ ਮੁਅੱਤਲੀ ਰੱਦ ਹੋਣ ਤੱਕ ਰਾਜ ਸਭਾ ਦੀ ਕਾਰਵਾਈ ਦਾ ਕਰਾਂਗੇ ਬਾਈਕਾਟ : ਆਜ਼ਾਦ

09/22/2020 11:39:35 AM

ਨਵੀਂ ਦਿੱਲੀ— ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਜਦੋਂ ਤੱਕ ਰਾਜ ਸਭਾ ਦੇ 8 ਮੈਂਬਰਾਂ ਦੀ ਮਾਨਸੂਨ ਸੈਸ਼ਨ ਦੀ ਬਾਕੀ ਸਮੇਂ ਤੋਂ ਮੁਅੱਤਲੀ ਵਾਪਸ ਨਹੀਂ ਲਈ ਜਾਂਦੀ, ਉਦੋਂ ਤੱਕ ਵਿਰੋਧੀ ਧਿਰ ਕਾਰਵਾਈ ਦਾ ਬਾਈਕਾਟ ਕਰੇਗਾ। ਸਿਫਰ ਕਾਲ ਤੋਂ ਬਾਅਦ ਆਜ਼ਾਦ ਨੇ ਰਾਜ ਸਭਾ ਵਿਚ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਅਜਿਹਾ ਬਿੱਲ ਲਿਆਉਣਾ ਚਾਹੀਦਾ ਹੈ, ਜੋ ਇਹ ਯਕੀਨੀ ਕਰੇ ਕਿ ਨਿੱਜੀ ਕੰਪਨੀਆਂ ਸਰਕਾਰ ਵਲੋਂ ਤੈਅ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਘੱਟ ਕੀਮਤ ’ਚ ਕਿਸਾਨਾਂ ਦਾ ਅਨਾਜ ਨਾ ਖਰੀਦੇ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਸਰਕਾਰ ਨੂੰ ਸਵਾਮੀਨਾਥਨ ਫਾਰਮੂਲੇ ਮੁਤਾਬਕ ਸਮੇਂ-ਸਮੇਂ ’ਤੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੇ ਰਹਿਣਾ ਚਾਹੀਦਾ ਹੈ। ਆਜ਼ਾਦ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਦੇ ਅੰਦਰ ਤਾਲਮੇਲ ਦੀ ਘਾਟ ਹੈ। ਇਕ ਦਿਨ ਪਹਿਲਾਂ ਖੇਤੀ ਬਿੱਲਾਂ ’ਤੇ ਪੂਰੀ ਚਰਚਾ ਐੱਮ. ਐੱਸ. ਪੀ. ’ਤੇ ਕੇਂਦਰਿਤ ਰਹੀ ਅਤੇ ਉਸ ਦੇ ਇਕ ਦਿਨ ਬਾਅਦ ਸਰਕਾਰ ਨੇ ਕਈ ਫ਼ਸਲਾਂ ਲਈ ਐੱਮ. ਐੱਸ. ਪੀ. ਦਾ ਐਲਾਨ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸਦਨ ਵਿਚ ਬਿੱਲ ’ਤੇ ਬਹਿਸ ਦੌਰਾਨ ਹੰਗਾਮਾ ਕਰਨ ਵਾਲੇ ਸੰਸਦ ਮੈਂਬਰ ਸੰਸਦ ਦੀ ਮਰਿਆਦਾ ਭੁੱਲ ਗਏ। ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬਰਾਇਨ ਅਤੇ ‘ਆਪ’ ਦੇ ਸੰਜੇ ਸਿੰਘ ਸਮੇਤ ਵਿਰੋਧੀ ਧਿਰ ਦੇ 8 ਮੈਂਬਰਾਂ ਨੂੰ ਸੋਮਵਾਰ ਨੂੰ ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕੀਤੇ ਗਏ ਮੈਂਬਰਾਂ ’ਚ ਡੇਰੇਕ ਓ ਬਰਾਇਨ, ਸੰਜੇ ਸਿੰਘ, ਰਾਜੀਵ ਸਾਟਵ, ਕੇ. ਕੇ. ਰਾਗੇਸ਼, ਰਿਪੁਨ ਬੋਰਾ, ਡੋਲਾ ਸੇਨ, ਸਈਦ ਨਜੀਰ ਹੁਸੈਨ ਅਤੇ ਏ. ਕਰੀਮ ਹਨ।


Tanu

Content Editor

Related News