ਪੁਰੀ ਖ਼ਿਲਾਫ਼ ਬਿੱਟੂ ਦੀ ਟਿੱਪਣੀ ''ਤੇ ਭੜਕੇ ਜੀ.ਕੇ., ਸੋਚ ਕੇ ਬੋਲਣ ਦੀ ਦਿੱਤੀ ਨਸੀਹਤ
Thursday, Nov 05, 2020 - 09:14 PM (IST)
ਨਵੀਂ ਦਿੱਲੀ - ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ 'ਨਕਲੀ ਸਿੱਖ' ਦੱਸਣ 'ਤੇ ਜਾਗੋ ਪਾਰਟੀ ਨੇ ਬਿੱਟੂ ਨੂੰ ਸੋਚ ਕੇ ਬੋਲਣ ਦੀ ਨਸੀਹਤ ਦਿੱਤੀ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਿੱਟੂ ਨੂੰ ਸਵਾਲ ਪੁੱਛਿਆ ਹੈ ਕਿ ਕਿਸ ਹੈਸੀਅਤ ਨਾਲ ਉਹ ਕਿਸੇ ਨੂੰ ਸਿੱਖੀ ਦਾ ਪ੍ਰਮਾਣ ਪੱਤਰ ਵੰਡ ਰਹੇ ਹਨ? ਜੀ.ਕੇ. ਨੇ ਬਿੱਟੂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਦੀ ਹੱਤਿਆ ਇਸ ਲਈ ਹੋਈ ਸੀ, ਕਿਉਂਕਿ ਉਨ੍ਹਾਂ 'ਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਨਕਲੀ ਪੁਲਸ ਮੁਕਾਬਲੇ ਦੇ ਜ਼ਰੀਏ ਕਤਲੇਆਮ ਕਰਨ ਦੇ ਗੰਭੀਰ ਇਲਜ਼ਾਮ ਸਨ। ਜੀ.ਕੇ. ਨੇ ਬਿੱਟੂ ਨੂੰ ਪੁੱਛਿਆ ਕਿ ਕੀ ਬਿੱਟੂ ਬੇਗੁਨਾਹ ਸਿੱਖਾਂ ਨੂੰ ਮਾਰਨ ਵਾਲੇ ਆਪਣੇ ਦਾਦਾ ਅਤੇ ਖੁਦ ਨੂੰ ਅਸਲੀ ਸਿੱਖ ਮੰਨਦੇ ਹਨ? ਜਦੋਂ ਕਿ ਸਮੁੱਚਾ ਸਿੱਖ ਇਸ ਗੱਲ 'ਤੇ ਸਹਿਮਤ ਹੈ ਕਿ ਬੇਅੰਤ ਸਿੰਘ ਸਿੱਖਾਂ ਦੇ ਕਾਤਲ ਸਨ।
ਜੀ.ਕੇ. ਨੇ ਕਿਹਾ ਕਿ ਮੋਦੀ ਕੈਬਨਿਟ ਦੇ ਇਕਲੌਤੇ ਸਿੱਖ ਮੰਤਰੀ ਪੁਰੀ ਖ਼ਿਲਾਫ਼ ਬਿੱਟੂ ਦੀ ਟਿੱਪਣੀ ਦੱਸਦੀ ਹੈ ਕਿ ਇਹ ਬਿੱਟੂ ਨਹੀ ਬੋਲ ਰਹੇ ਸਗੋਂ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਬੋਲ ਰਹੀ ਹੈ। ਜੋ ਕਿਸੇ ਸਿੱਖ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹੁੰਦੀ। ਜੇਕਰ ਉਨ੍ਹਾਂ ਦੀ ਨਾਰਾਜ਼ਗੀ ਕੇਂਦਰ ਸਰਕਾਰ ਨਾਲ ਹੈ, ਤਾਂ ਉਹ ਖੁੱਲ੍ਹ ਕੇ ਸਰਕਾਰ ਖ਼ਿਲਾਫ਼ ਬੋਲਣ ਲਈ ਆਜ਼ਾਦ ਹਨ ਪਰ ਕਿਸੇ ਨੂੰ ਅਸਲੀ ਜਾਂ ਨਕਲੀ ਸਿੱਖ ਦਾ ਪ੍ਰਮਾਣ ਪੱਤਰ ਵੰਡਣ ਦੀ ਜ਼ਿੰਮੇਦਾਰੀ ਬਿੱਟੂ ਦੀ ਨਹੀਂ ਹੈ।