ਵੰਡ ਦੌਰਾਨ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦੇਣਾ ਇਕ ਗਲਤੀ ਸੀ : ਅਮਿਤ ਸ਼ਾਹ

03/19/2022 10:28:24 AM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਗੁਆਂਢੀ ਦੇਸ਼ਾਂ ਨਾਲ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਅਤੇ ਲੋਕਾਂ ਨਾਲ ਆਪਸੀ ਸੰਪਰਕ ਵਧਾਉਣ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਇਕ ਜੁੜਾਵ ਹੈ ਕਿਉਂਕਿ ਇਨ੍ਹਾਂ 'ਚੋਂ ਕਈ ਖੇਤਰ ਵਿਚ 1947 ਤੋਂ ਪਹਿਲਾਂ ਭਾਰਤ ਦਾ ਹਿੱਸਾ ਸਨ। ਸ਼ਾਹ ਨੇ 2019 ਵਿਚ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਦਾਅਵਾ ਕੀਤਾ ਕਿ ਉਸ ਸਮੇਂ ਇਕ 'ਗਲਤੀ' ਸੀ ਅਤੇ ਵੰਡ ਦੌਰਾਨ ਇਸ ਜਗ੍ਹਾ ਨੂੰ ਭਾਰਤ ਤੋਂ ਬਾਹਰ ਕਰ ਦਿੱਤਾ ਗਿਆ ਸੀ। ਕਰਤਾਰਪੁਰ ਕੋਰੀਡੋਰ ਗੁਰਦੁਆਰਾ ਦਰਬਾਰ ਸਾਹਿਬ, ਪਾਕਿਸਤਾਨ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। ਗੁਰਦੁਆਰਾ ਦਰਬਾਰ ਸਾਹਿਬ 'ਚ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਦਿਨ ਬਿਤਾਏ ਸਨ। 

ਸ਼ਾਹ ਨੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐੱਲ.ਪੀ.ਏ.) ਦੇ ਸਥਾਪਨਾ ਦਿਵਸ 'ਤੇ ਆਯੋਜਿਤ ਇਕ ਸਮਾਰੋਹ 'ਚ ਕਿਹਾ ਕਿ ਭਾਰਤ ਦੀ 15,000 ਕਿਲੋਮੀਟਰ ਦੀ ਜ਼ਮੀਨੀ ਸਰਹੱਦ ਹੈ ਅਤੇ ''ਅਸੀਂ 1947 ਤੋਂ ਪਹਿਲਾਂ ਇਕੱਠੇ ਸੀ।'' ਅਸੀਂ ਇੱਕੋ ਜਿਹੀਆਂ ਭਾਸ਼ਾਵਾਂ ਬੋਲਦੇ ਹਾਂ, ਸਾਡੇ ਵਿਚਾਲੇ ਜੁੜਾਵ ਹੈ। ਵਪਾਰਕ ਸਬੰਧਾਂ, ਸੱਭਿਆਚਾਰਕ ਸਬੰਧਾਂ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕ ਨੂੰ ਵਧਾਉਣ ਦੇ ਮੌਕੇ ਹਨ। ਅਥਾਰਟੀ (LPA) ਸਰਹੱਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਗੁਆਂਢੀ ਦੇਸ਼ਾਂ ਨਾਲ ਵਪਾਰ ਵਧਾ ਸਕਦੀ ਹੈ। ਅਜਿਹੀ ਸਥਿਤੀ ਵਿਚ, ਅਥਾਰਟੀ ਗੁਆਂਢੀ ਦੇਸ਼ਾਂ ਨਾਲ ਸੱਭਿਆਚਾਰਕ ਸਬੰਧਾਂ ਦੀ ਮਜ਼ਬੂਤੀ ਨੂੰ ਯਕੀਨੀ ਬਣਾ ਸਕਦੀ ਹੈ। ਇਨ੍ਹਾਂ ਦੇਸ਼ਾਂ ਨਾਲ ਕੂਟਨੀਤਕ ਸਬੰਧਾਂ ਤੋਂ ਇਲਾਵਾ ਲੋਕਾਂ ਨਾਲ ਸੰਪਰਕ ਵਧਾਉਣ ਵਿਚ ਵੀ ਮਦਦ ਮਿਲ ਸਕਦੀ ਹੈ।

ਗ੍ਰਹਿ ਮੰਤਰੀ ਨੇ ਘੱਟ ਤੋਂ ਘੱਟ ਸਮੇਂ ਵਿਚ ਕਰਤਾਰਪੁਰ ਲਾਂਘਾ ਬਣਾਉਣ ਲਈ ਐਲ.ਪੀ.ਏ. ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ-ਪਾਕਿਸਤਾਨ ਤੀਰਥ ਯਾਤਰਾ ਮਾਰਗ ਨੇ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਵਿਚ ਬਹੁਤ ਸਦਭਾਵਨਾ ਪੈਦਾ ਕੀਤੀ ਹੈ। ਉਸ ਨੇ ਕਿਹਾ,''ਵੰਡ ਵੇਲੇ ਇਕ ਗਲਤੀ ਹੋ ਗਈ ਸੀ। ਇਹ (ਕਰਤਾਰਪੁਰ ਸਾਹਿਬ ਗੁਰਦੁਆਰਾ) ਪਾਕਿਸਤਾਨ ਦੀ ਸਰਹੱਦ ਤੋਂ ਸਿਰਫ਼ ਛੇ ਕਿਲੋਮੀਟਰ ਦੂਰ ਹੈ। ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਛੱਡ ਦਿੱਤਾ ਗਿਆ ਸੀ। ਕੋਈ ਨਾ ਕੋਈ ਗਲਤੀ ਜ਼ਰੂਰ ਹੋਈ ਹੋਵੇਗੀ। ਸ਼ਾਇਦ (ਉਸ ਸਮੇਂ) ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।” ਸ਼ਾਹ ਨੇ ਕਿਹਾ,“ਗੁਰਪੁਰਬ ਦੌਰਾਨ ਕੁਝ ਅਫ਼ਸੋਸ ਹੋਇਆ ਸੀ ਪਰ ਕਰਤਾਰਪੁਰ ਲਾਂਘੇ ਨੇ ਲੋਕਾਂ ਨੂੰ ਗੁਰਦੁਆਰੇ ਜਾਣ ਅਤੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ। ਲੋਕ ਇਸ ਲਈ ਅਥਾਰਟੀ ਦੇ ਸ਼ੁਕਰਗੁਜ਼ਾਰ ਹਨ ਅਤੇ ਇਸ ਦੀ ਸ਼ਲਾਘਾ ਕਰਦੇ ਹਨ।”


DIsha

Content Editor

Related News