ਸਪਾ ਆਗੂ ਦੇ ਘਰ ’ਤੇ ਚੱਲਿਆ ਬੁਲਡੋਜ਼ਰ, ਛੱਪੜ ਦੀ ਜ਼ਮੀਨ ’ਤੇ ਬਣੇ ਸਨ ਕਈ ਘਰ
Friday, Apr 29, 2022 - 11:29 AM (IST)
ਗਾਜ਼ੀਆਬਾਦ– ਪ੍ਰਸ਼ਾਸਨ ਨੇ ਉਸਮਾਨ ਗੜ੍ਹੀ ਵਿੱਚ ਵੀਰਵਾਰ ਨਾਜਾਇਜ਼ ਕਬਜ਼ਿਆਂ ’ਤੇ ਬੁਲਡੋਜ਼ਰ ਚਲਾ ਦਿੱਤਾ। ਇੱਥੇ ਛੱਪੜ ਦੀ ਜ਼ਮੀਨ ’ਤੇ ਬਣੇ ਸਪਾ ਆਗੂ ਉਸਮਾਨ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਘਰ ਢਾਹ ਦਿੱਤੇ ਗਏ। ਇਸ ਦੌਰਾਨ ਐੱਸ. ਡੀ. ਐੱਮ. ਵਿਨੇ ਕੁਮਾਰ ਸਿੰਘ, ਤਹਿਸੀਲਦਾਰ ਵਿਜੇ ਕੁਮਾਰ ਮਿਸ਼ਰਾ ਪੁਲਸ ਫੋਰਸ ਨਾਲ ਮੌਕੇ ’ਤੇ ਮੌਜੂਦ ਸਨ।
ਉਸਮਾਨ ’ਤੇ ਕਰੀਬ 60 ਬਿਘਾ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਕੇ ਵੇਚਣ ਦਾ ਦੋਸ਼ ਹੈ। ਇਸ ਮਗਰੋਂ ਉਸ ਨੇ ਆਪਣੇ ਨਾਂ ’ਤੇ ਕਾਲੋਨੀ ਕਾਇਮ ਕਰ ਲਈ। ਉਸਮਾਨ ’ਤੇ ਮਸੂਰੀ ਪੁਲਸ ਸਟੇਸ਼ਨ ’ਚ ਜ਼ਮੀਨ ਹੜੱਪਣ, ਘਰ ਤੋੜਨ ਅਤੇ ਡਕੈਤੀ ਦੇ ਮਾਮਲੇ ਵੀ ਦਰਜ ਹਨ।
1989 ’ਚ ਉਸਮਾਨ ਨੇ ਛੱਪੜ ਦੀ ਜ਼ਮੀਨ ’ਤੇ ਕਬਜ਼ਾ ਕਰ ਕੇ ਤਿੰਨ ਘਰ ਬਣਾ ਲਏ। ਉਹ ਖੁਦ ਇਕ ਘਰ ਵਿਚ ਰਹਿੰਦਾ ਸੀ। ਦੂਜੇ ਅਤੇ ਤੀਜੇ ਘਰ ਵਿਚ ਉਸ ਦੇ ਭਰਾ ਅੱਬਾਸ ਅਤੇ ਇਖਲਾਕ ਰਹਿੰਦੇ ਹਨ। 1991 ਵਿੱਚ ਛੱਪੜ ਦੀ ਜ਼ਮੀਨ ’ਤੇ ਮਕਾਨ ਬਣਾਉਣ ਦੇ ਦੋਸ਼ ਹੇਠ ਉਸ ਖ਼ਿਲਾਫ਼ ਬੇਦਖ਼ਲੀ ਦਾ ਹੁਕਮ ਜਾਰੀ ਕੀਤਾ ਗਿਆ ਸੀ।