ਪੱਤਰਕਾਰ ਕਤਲ ਮਾਮਲਾ : ਫਰਾਰ ਅੰਤਿਮ ਦੋਸ਼ੀ ਗ੍ਰਿਫਤਾਰ, 25 ਹਜ਼ਾਰ ਦਾ ਸੀ ਇਨਾਮ

Wednesday, Aug 05, 2020 - 02:32 PM (IST)

ਪੱਤਰਕਾਰ ਕਤਲ ਮਾਮਲਾ : ਫਰਾਰ ਅੰਤਿਮ ਦੋਸ਼ੀ ਗ੍ਰਿਫਤਾਰ, 25 ਹਜ਼ਾਰ ਦਾ ਸੀ ਇਨਾਮ

ਗਾਜ਼ੀਆਬਾਦ- ਗਾਜ਼ੀਆਬਾਦ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਪੱਤਰਕਾਰ ਵਿਕਰਮ ਜੋਸ਼ੀ ਕਤਲ ਮਾਮਲੇ 'ਚ ਫਰਾਰ ਚੱਲ ਰਹੇ ਅੰਤਿਮ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਗਾਜ਼ੀਆਬਾਦ ਦੇ ਸੀਨੀਅਰ ਪੁਲਸ ਕਮਿਸ਼ਨਰ ਕਲਾਨਿਧੀ ਨੈਥਾਨੀ ਨੇ ਇਹ ਜਾਣਕਾਰੀ ਦਿੱਤੀ। ਜੋਸ਼ੀ ਨੂੰ 20 ਜੁਲਾਈ ਨੂੰ ਵਿਜੇ ਨਗਰ ਦੀ ਮਾਤਾ ਕਾਲੋਨੀ 'ਚ ਉਨ੍ਹਾਂ ਦੇ ਘਰ ਨੇੜੇ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ। ਉਸ ਸਮੇਂ ਉਹ ਆਪਣੀਆਂ 2 ਧੀਆਂ ਨਾਲ 2 ਪਹੀਆ ਵਾਹਨ 'ਤੇ ਸਵਾਰ ਸਨ। ਜੋਸ਼ੀ ਦੀ 22 ਜੁਲਾਈ ਨੂੰ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਸੀ। ਨੈਥਾਨੀ ਨੇ ਕਿਹਾ,''9 ਦੋਸ਼ੀਆਂ ਨੂੰ ਘਟਨਾ ਦੇ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਇਕ ਦੋਸ਼ੀ ਆਕਾਸ਼ ਬਿਹਾਰੀ ਫਰਾਰ ਸੀ ਅਤੇ ਉਸ ਦੀ ਗ੍ਰਿਫਤਾਰੀ ਲਈ ਤਲਾਸ਼ ਮੁਹਿੰਮ ਜਾਰੀ ਸੀ। ਉਸ ਦੇ ਸਿਰ 'ਤੇ 25,000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਆਕਾਸ਼ ਨੂੰ ਬੁੱਧਵਾਰ ਤੜਕੇ ਗ੍ਰਿਫਤਾਰ ਕਰ ਲਿਆ ਗਿਆ।''

ਉਨ੍ਹਾਂ ਨੇ ਕਿਹਾ,''ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।'' ਜੋਸ਼ੀ ਦੇ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਸਥਾਨਕ ਪੁਲਸ ਨੇ ਉਨ੍ਹਾਂ ਬਦਮਾਸ਼ਾਂ ਵਿਰੁੱਧ ਸ਼ੁਰੂਆਤ 'ਚ ਕੀਤੀ ਗਈ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ, ਜਿਨ੍ਹਾਂ ਨੇ ਪੱਤਰਕਾਰ ਦੀ ਰਿਸ਼ਤੇਦਾਰ ਨਾਲ ਛੇੜਛਾੜ ਕੀਤੀ ਸੀ। ਜੋਸ਼ੀ ਦੀ 16 ਜੁਲਾਈ ਨੂੰ ਦੋਸ਼ੀਆਂ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ ਦੋਹਾਂ ਪੱਖਾਂ ਦਰਮਿਆਨ ਹੱਥੋਪਾਈ ਹੋ ਗਈ ਸੀ ਅਤੇ ਇਨ੍ਹਾਂ 'ਚੋਂ ਇਕ ਦੋਸ਼ੀ ਜ਼ਖਮੀ ਹੋ ਗਿਆ ਸੀ। ਗਾਜ਼ੀਆਬਾਦ ਪੁਲਸ ਨੇ ਉਸ ਥਾਣਾ ਖੇਤਰ ਦੇ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਸੀ, ਜਿੱਥੇ ਜੋਸ਼ੀ ਨੂੰ ਗੋਲੀ ਮਾਰੀ ਗਈ ਸੀ। ਇਸ ਮਾਮਲੇ ਦੀ ਜਾਂਚ ਸਥਾਨਕ ਵਿਜੇ ਨਗਰ ਪੁਲਸ ਥਾਣੇ ਤੋਂ ਕੋਤਵਾਲੀ ਨਗਰ ਪੁਲਸ ਥਾਣੇ ਨੂੰ ਸੌਂਪ ਦਿੱਤੀ ਗਈ ਸੀ।


author

DIsha

Content Editor

Related News