ਕੋਰੋਨਾ ਦੀ ਹਾਹਾਕਾਰ: ਦਿੱਲੀ ਸਰਕਾਰ ਦੀ ਵੈੱਬਸਾਈਟ ਨੇ ਚੱਕਰਾਂ ’ਚ ਪਾਏ ਮਰੀਜ਼
Monday, Apr 26, 2021 - 12:45 PM (IST)
ਨੈਸ਼ਨਲ ਡੈਸਕ : ਕੋਰੋਨਾ ਦੇ ਵਧਦੇ ਮਰੀਜ਼ਾਂ ਕਾਰਨ ਦਿੱਲੀ ਦੇ ਹਸਪਤਾਲਾਂ ’ਤੇ ਭਾਰੀ ਦਬਾਅ ਹੈ। ਇਸੇ ਦੌਰਾਨ ਦਿੱਲੀ ਸਰਕਾਰ ਵਲੋਂ ਕੋਰੋਨਾ ਮਰੀਜ਼ਾਂ ਲਈ ਬੈੱਡ ਮੁਹੱਈਆ ਕਰਵਾਉਣ ਵਾਸਤੇ ਤਿਆਰ ਕੀਤੀ ਗਈ ਵੈੱਬਸਾਈਟ coronabeds.jantasamvad.org ’ਚ ਜੋ ਜਾਣਕਾਰੀ ਅਪਲੋਡ ਕੀਤੀ ਗਈ ਹੈ, ਉਹ ਭੁਲੇਖਾ ਪਾਊ ਹੈ। ਸ਼ਨੀਵਾਰ ਨੂੰ ਦਿੱਲੀ ਸਰਕਾਰ ਦੀ ਵੈੱਬਸਾਈਟ ਦਿਖਾ ਰਹੀ ਸੀ ਕਿ ਰਾਜਧਾਨੀ ਦੇ 46 ਹਸਪਤਾਲਾਂ ਵਿਚ 1,798 ਕੋਵਿਡ ਮਰੀਜ਼ਾਂ ਲਈ ਬੈੱਡ ਮੁਹੱਈਆ ਹਨ। ਅੰਗਰੇਜ਼ੀ ਅਖਬਾਰ ਦੀ ਇਕ ਰਿਪੋਰਟ ਅਨੁਸਾਰ ਜਦੋਂ ਇਨ੍ਹਾਂ ਹਸਪਤਾਲਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਈਟ ’ਤੇ ਬੈੱਡ ਲੈਣ ਲਈ ਜੋ ਫੋਨ ਨੰਬਰ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਜਾਂ ਤਾਂ ਆਊਟ ਆਫ ਆਰਡਰ ਚੱਲ ਰਹੇ ਹਨ ਜਾਂ ਫਿਰ ਬਿਜ਼ੀ ਹਨ।
ਸਾਈਟ ’ਤੇ ਬੈੱਡ ਮੁਹੱਈਆ, ਹਸਪਤਾਲ ’ਚ ਨਹੀਂ
ਰਿਪੋਰਟ ਅਨੁਸਾਰ ਦਿੱਲੀ ਛਾਉਣੀ ਦੇ ਬੇਸ ਹਸਪਤਾਲ ਵਿਚ ਆਪ੍ਰੇਟਰ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਖਾਲੀ ਬੈੱਡ ਨਹੀਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵੈੱਬਸਾਈਟ ਨੇ ਦਿਖਾਇਆ ਹੈ ਕਿ ਹਸਪਤਾਲ ਵਿਚ 4 ਬੈੱਡ ਮੁਹੱਈਆ ਹਨ ਤਾਂ ਉਨ੍ਹਾਂ ਕਿਹਾ,‘‘ਸਾਨੂੰ ਨਹੀਂ ਪਤਾ ਕਿ ਇਹ ਕਿਉਂ ਦਿਖਾਇਆ ਜਾ ਰਿਹਾ ਹੈ।’’ ਵੈੱਬਸਾਈਟ ’ਤੇ ਬੀ. ਐੱਲ. ਕਪੂਰ ਹਸਪਤਾਲ ਦੇ 5 ਫੋਨ ਨੰਬਰਾਂ ਵਿਚੋਂ ਇਕ ਸੇਵਾ ਤੋਂ ਬਾਹਰ ਸੀ ਅਤੇ 4 ਬਿਜ਼ੀ ਸਨ। ਆਪ੍ਰੇਟਰ ਨੇ ਕਾਲ ਕੋਵਿਡ ਡੈਸਕ ’ਤੇ ਟਰਾਂਸਫਰ ਕਰ ਦਿੱਤੀ ਜਿੱਥੇ ਕਿਸੇ ਨੇ ਫੋਨ ਨਹੀਂ ਚੁੱਕਿਆ।
46 ਹਸਪਤਾਲਾਂ ਦੇ 21 ਫੋਨ ਨੰਬਰ ਬਿਜ਼ੀ
ਰਿਪੋਰਟ ਅਨੁਸਾਰ ਸੰਪਰਕ ਕਰਨ ’ਤੇ ਦਿੱਲੀ ਦੇ 46 ਹਸਪਤਾਲਾਂ ਵਿਚੋਂ 21 ਦੇ ਫੋਨ ਨੰਬਰ ਬਿਜ਼ੀ ਸਨ, ਜਿਨ੍ਹਾਂ ਵਿਚ ਸੱਤਿਆਵਤੀ ਹਸਪਤਾਲ, ਏਮਸ ਟਰੋਮਾ ਸੈਂਟਰ ਅਤੇ ਵੈਂਕਟੇਸ਼ਵਰ ਹਸਪਤਾਲ ਸ਼ਾਮਲ ਸਨ। ਲੋਕ ਨਾਇਕ ਹਸਪਤਾਲ ਸਮੇਤ 9 ਨੇ ਕਾਲ ਅਟੈਂਡ ਨਹੀਂ ਕੀਤੀ। ਸਾਈਟ ਦਿਖਾ ਰਹੀ ਸੀ ਕਿ ਇਨ੍ਹਾਂ ਹਸਪਤਾਲਾਂ ਵਿਚ 93 ਬੈੱਡ ਖਾਲੀ ਪਏ ਹੋਏ ਹਨ।
ਚਾਰ ਸੇਵਾ ਵਿਚ ਸੇਵਾਵਾਂ ਹੀ ਮੁਹੱਈਆ ਨਹੀਂ ਸਨ। ਇਨ੍ਹਾਂ ਵਿਚ ਮੈਕਸ ਈਸਟ-ਵੈਸਟ ਬਲਾਕ, ਲੇਡੀ ਹੋਰਡਿੰਗ ਮੈਡੀਕਲ ਕਾਲਜ ਤੇ ਗੁਰੂ ਨਾਨਕ ਆਈ ਸੈਂਟਰ ਸ਼ਾਮਲ ਸਨ। 4 ਨੂੰ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿਚ ਤੀਰਥ ਰਾਮ ਸ਼ਾਹ ਚੈਰੀਟੇਬਲ ਹਸਪਤਾਲ, ਸਹਿਗਲ ਨੀਓ ਹਸਪਤਾਲ ਤੇ ਬੈਂਸਅਪ ਹਸਪਤਾਲ ਸ਼ਾਮਲ ਹਨ। ਸਿਰਫ ਸੇਂਟ ਸਟੀਫਨ ਹਸਪਤਾਲ ਨੇ ਪੁਸ਼ਟੀ ਕੀਤੀ ਕਿ ਇਸ ਵਿਚ ਖਾਲੀ ਬੈੱਡ ਸਨ। ਇਸ ਹਸਪਤਾਲ ਕੋਲ ਲੇਬਰ ਰੂਮ ਵਿਚ ਕੁਝ ਖਾਲੀ ਬੈੱਡ ਸਨ, ਜੋ ਸਿਰਫ ਗਰਭਵਤੀ ਔਰਤਾਂ ਲਈ ਸਨ।
ਬੈੱਡ ਖਾਲੀ ਪਰ ਆਪ੍ਰੇਟਰ ਨੇ ਕਿਹਾ–ਬੁਲਾ ਲਵਾਂਗੇ
ਮੈਕਸ ਸਮਾਰਟ ਗੁਜਰਾਲ ਹਸਪਤਾਲ ਵਿਚ ਵੈੱਬਸਾਈਟ ਅਨੁਸਾਰ 57 ਬੈੱਡ ਖਾਲੀ ਸਨ। ਆਪ੍ਰੇਟਰ ਨੇ ਮਰੀਜ਼ ਦਾ ਵੇਰਵਾ ਮੰਗਿਆ ਅਤੇ ਕਿਹਾ ਕਿ ਬੈੱਡ ਮਿਲਣ ’ਤੇ ਉਹ ਵਾਪਸ ਕਾਲ ਕਰ ਕੇ ਬੁਲਾ ਲੈਣਗੇ। ਸ਼ਨੀਵਾਰ ਸ਼ਾਮ 5.46 ਵਜੇ ਵੈੱਬਸਾਈਟ ਅਸਲ ਸਮੇਂ ’ਚ ਅਪਡੇਟ ਹੁੰਦੀ ਹੈ। ਇਸ ਵੇਲੇ ਇਹ ਦਰਸਾ ਰਹੀ ਸੀ ਕਿ ਦਿੱਲੀ ਵਿਚ ਸਿਰਫ 22 ਆਈ. ਸੀ. ਯੂ. ਬੈੱਡ ਮੁਹੱਈਆ ਸਨ, ਜਿਨ੍ਹਾਂ ਵਿਚ ਏਮਸ ਟਰੋਮਾ ਸੈਂਟਰ ਵਿਚ 1, ਮਧੂਕਰ ਰੇਨਬੋ ਚਿਲਡ੍ਰਨ ਹਾਸਪੀਟਲ ਵਿਚ 11 ਅਤੇ ਮੈਟਰੋ ਹਸਪਤਾਲ ਵਿਚ 10 ਸ਼ਾਮਲ ਸਨ। ਇਨ੍ਹਾਂ ਹਸਪਤਾਲਾਂ ਦੇ ਫੋਨ ਬਿਜ਼ੀ ਆ ਰਹੇ ਸਨ।
ਹਸਪਤਾਲਾਂ ’ਚ ਕੋਈ ਫੋਨ ਨਹੀਂ ਚੁੱਕਦਾ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਈਟ ’ਤੇ ਦਿੱਤੇ ਫੋਨ ਨੰਬਰਾਂ ’ਤੇ ਸੰਪਰਕ ਕਰਨ ’ਤੇ ਕੋਈ ਵੀ ਫੋਨ ਨਹੀਂ ਚੁੱਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਵੈੱਬਸਾਈਟ ਰਾਹੀਂ ਮੂਰਖ ਬਣਾਇਆ ਜਾ ਰਿਹਾਹੈ। ਉਹ ਕਹਿੰਦੇ ਹਨ ਕਿ ਸਾਈਟ ’ਤੇ ਜਾਣਕਾਰੀ ਹੀ ਗਲਤ ਹੈ। ਅਜਿਹੀ ਵੈੱਬਸਾਈਟ ਹੋਣ ਦਾ ਕੋਈ ਮਤਲਬ ਹੀ ਨਹੀਂ।
ਕੁਝ ਦਾ ਕਹਿਣਾ ਸੀ ਕਿ ਸਾਈਟ ਰਾਹੀਂ ਜਦੋਂ ਹਸਪਤਾਲਾਂ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਉਨ੍ਹਾਂ ਨੂੰ ਆਪਣੇ ਮਰੀਜ਼ ਨੂੰ ਜਾਂ ਤਾਂ ਗਾਜ਼ੀਆਬਾਦ ਲਿਜਾਣਾ ਪਿਆ ਜਾਂ ਫਿਰ ਨੋਇਡਾ ਵਿਖੇ ਭਰਤੀ ਕਰਵਾਉਣਾ ਪਿਆ। ਦਿੱਲੀ ਸਰਕਾਰ ਦੇ ਸ਼ੁੱਕਰਵਾਰ ਦੇ ਸਿਹਤ ਬੁਲੇਟਿਨ ਅਨੁਸਾਰ ਹਸਪਤਾਲਾਂ ਵਿਚ ਕੁਲ 2,096 ਬੈੱਡ ਮੁਹੱਈਆ ਸਨ। ਦੇਖਭਾਲ ਕੇਂਦਰਾਂ ਵਿਚ 5,006 ਅਤੇ ਕੋਵਿਡ ਸਿਹਤ ਕੇਂਦਰ ਵਿਚ 65 ਬੈੱਡ ਮੁਹੱਈਆ ਦੱਸੇ ਜਾ ਰਹੇ ਸਨ। ਹਾਲਾਂਕਿ ਵੈੱਬਸਾਈਟ ’ਤੇ ਦਿੱਤੀ ਜਾਣਕਾਰੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸੀ।
ਇਸ ਲਈ ਘੱਟ ਹੋਈ ਹਸਪਤਾਲਾਂ ’ਚ ਕੋਵਿਡ ਬੈੱਡਾਂ ਦੀ ਗਿਣਤੀ
ਆਕਸੀਜਨ ਦੀ ਭਾਰੀ ਕਿੱਲਤ ਨੂੰ ਦੇਖਦਿਆਂ ਦਿੱਲੀ ਦੇ 2 ਵੱਡੇ ਹਸਪਤਾਲਾਂ ਨੇ ਕੋਰੋਨਾ ਮਰੀਜ਼ਾਂ ਦੇ ਬੈੱਡ ਘਟਾ ਦਿੱਤੇ ਹਨ। ਦਿੱਲੀ ਦੇ ਇਨ੍ਹਾਂ ਦੋਵੇਂ ਵੱਡੇ ਹਸਪਤਾਲਾਂ ਨੇ ਮਿਲ ਕੇ 1,050 ਬੈੱਡ ਘਟਾਏ ਹਨ। ਅਜਿਹੀ ਹਾਲਤ ’ਚ ਰਾਜਧਾਨੀ ਵਿਚ ਕੋਵਿਡ ਮਰੀਜ਼ਾਂ ਦਰਮਿਆਨ ਬੈੱਡਾਂ ਲਈ ਚੱਲ ਰਹੀ ਖਿੱਚੋਤਾਣ ਹੁਣ ਹੋਰ ਵੀ ਗੰਭੀਰ ਰੂਪ ਲੈ ਲਵੇਗੀ। ਦਿੱਲੀ ਕੋਰੋਨਾ ਐਪ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਾਸਪੀਟਲ ਵਿਚ ਪਿਛਲੇ 2 ਦਿਨਾਂ ਵਿਚ 650 ਤੋਂ ਘਟਾ ਕੇ 350 ਬੈੱਡ ਕਰ ਦਿੱਤੇ ਗਏ ਹਨ। ਜੀ. ਟੀ. ਬੀ. ਹਾਸਪੀਟਲ ਵਿਚ ਵੀ ਬੈੱਡ 1500 ਤੋਂ ਘਟਾ ਕੇ 700 ਕਰ ਦਿੱਤੇ ਗਏ ਹਨ। ਦਿੱਲੀ ਵਿਚ ਕੋਰੋਨਾ ਦੀ ਦੂਜੀ ਲਹਿਰ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸੂਤਰਾਂ ਅਨੁਸਾਰ ਆਕਸੀਜਨ ਦੀ ਕਮੀ ਕਾਰਨ ਦਿੱਲੀ ਵਿਚ ਆਈ. ਸੀ. ਯੂ. ਬੈੱਡਾਂ ਦੀ ਗਿਣਤੀ ਘਟਾਈ ਜਾ ਰਹੀ ਹੈ। ਹਸਪਤਾਲਾਂ ਨੂੰ ਬੈੱਡਾਂ ਦੀ ਗਿਣਤੀ ਘੱਟ ਕਰਨ ਦੇ ਹੁਕਮ ਦਿੱਤੇ ਗਏ ਹਨ।