ਗੀਅਰ ਬਾਕਸ ਹੇਠਾਂ ਲੁਕਾ ਕੇ ਲਿਜਾ ਰਹੇ ਸਨ ਸੋਨਾ, ਚੰਦੌਲੀ ''ਚ 3.92 ਕਰੋੜ ਦਾ Gold ਬਰਾਮਦ, 2 ਗ੍ਰਿਫ਼ਤਾਰ
Wednesday, Sep 09, 2026 - 05:02 PM (IST)
ਚੰਦੌਲੀ (ਏਜੰਸੀ)- ਬਿਹਾਰ ਤੋਂ ਦਿੱਲੀ ਜਾ ਰਹੀ ਇਕ ਕਾਰ 'ਚ ਗੀਅਰ ਬਾਕਸ ਦੇ ਹੇਠਾਂ ਬਣਾਏ ਗਏ ਵਿਸ਼ੇਸ਼ ਬਾਕਸ 'ਚ ਲੁਕਾ ਕੇ ਲਿਜਾਇਆ ਜਾ ਰਿਹਾ ਕਰੀਬ 3.92 ਕਰੋੜ ਰੁਪਏ ਮੁੱਲ ਦਾ 2.565 ਕਿਲੋਗ੍ਰਾਮ ਸੋਨਾ ਪੁਲਸ ਨੇ ਬਰਾਮਦ ਕਰ ਕੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਵੈਟ/ਐੱਸਓਜੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਬਿਹਾਰ ਵਲੋਂ ਇਕ ਚਿੱਟੇ ਰੰਗ ਦੀ ਕੀਆ ਕੈਰੇਂਸ ਕਾਰ 'ਚ 2 ਲੋਕ ਸੋਨਾ ਲੈ ਕੇ ਦਿੱਲੀ ਜਾ ਰਹੇ ਹਨ।
ਸੂਚਨਾ ਦੇ ਆਧਾਰ 'ਤੇ ਚੰਦੌਲੀ ਪੁਲਸ ਅਤੇ ਸਵੈਟ/ਐੱਸਓਜੀ ਦੀ ਸੰਯੁਕਤ ਟੀਮ ਨੇ ਨਵਹੀ ਪੁਲੀਆ ਹਾਈਵੇਅ 'ਤੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ। ਇਸੇ ਦੌਰਾਨ ਸ਼ੱਕੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਡਰਾਈਵਰ ਨੇ ਵਾਹਨ ਲੈ ਕੇ ਦੌੜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਘੇਰਾਬੰਦੀ ਕਰ ਕੇ ਕਾਰ ਨੂੰ ਰੋਕ ਲਿਆ। ਪੁੱਛ-ਗਿੱਛ 'ਚ ਡਰਾਈਵਰ ਦੀ ਪਛਾਣ ਮਹਾਰਾਸ਼ਟਰ ਵਾਸੀ ਜ਼ੁਬੇਰ ਮੁਬਾਰਕ ਸ਼ੇਖ ਅਤੇ ਉਸ ਨਾਲ ਬੈਠੇ ਹਰਿਆਣਾ ਵਾਸੀ ਮਨੀਸ਼ ਕੁਮਾਰ ਵਜੋਂ ਹੋਈ। ਦੋਵਾਂ ਨੇ ਦੱਸਿਆ ਕਿ ਕਾਰ ਦੇ ਗੀਅਰ ਬਾਕਸ ਦੇ ਹੇਠਾਂ ਵਿਸ਼ੇਸ਼ ਬਾਕਸ ਬਣਾ ਕੇ ਸੋਨਾ ਲੁਕਾਇਆ ਗਿਆ ਹੈ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਬਾਕਸ ਖੁੱਲ੍ਹਵਾਉਣ 'ਤੇ ਕੱਪੜੇ ਦੇ ਲੰਬੇ ਬੈਲਟ 'ਚ ਭੂਰੇ ਰੰਗ ਦੇ ਸੈਲੋਟੇਪ ਨਾਲ ਲਿਪਟੀਆਂ 2 ਸੋਨੇ ਦੀਆਂ ਛੜਾਂ ਬਰਾਮਦ ਹੋਈਆਂ।
ਪੁਲਸ ਅਨੁਸਾਰ, ਦੋਵੇਂ ਦੋਸ਼ੀ ਜ਼ਬਤ ਕੀਤੇ ਸੋਨੇ ਸੰਬੰਧੀ ਕੋਈ ਵੀ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇਹ ਜਾਣਕਾਰੀ ਇਨਕਮ ਟੈਕਸ ਵਿਭਾਗ ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (DRI) ਨੂੰ ਪ੍ਰਦਾਨ ਕੀਤੀ ਗਈ ਸੀ। ਅਧਿਕਾਰੀਆਂ ਦੀ ਮੌਜੂਦਗੀ 'ਚ ਸਰਕਾਰੀ ਵੈਲਿਊਅਰ ਤੋਂ ਸੋਨੇ ਦਾ ਭਾਰ ਅਤੇ ਮੁਲਾਂਕਣ ਕਰਵਾਇਆ ਗਿਆ, ਜਿਸ 'ਚ ਇਸ ਦਾ ਭਾਰ 2 ਕਿਲੋ 565.720 ਗ੍ਰਾਮ ਅਤੇ ਅਨੁਮਾਨਤ ਕੀਮਤ ਕਰੀਬ 3 ਕਰੋੜ 92 ਲੱਖ ਰੁਪਏ ਪਾਈ ਗਈ।
ਇਨਕਮ ਟੈਕਸ ਵਿਭਾਗ ਦੀ ਮੁੱਢਲੀ ਜਾਂਚ 'ਚ ਜ਼ਬਤ ਕੀਤਾ ਗਿਆ ਸੋਨਾ ਵਿਦੇਸ਼ 'ਚ ਬਣਿਆ ਦੱਸਿਆ ਗਿਆ ਹੈ। ਜ਼ਰੂਰੀ ਪ੍ਰਕਿਰਿਆਵਾਂ ਤੋਂ ਬਾਅਦ, ਨਿਯਮਾਂ ਅਨੁਸਾਰ ਸੋਨਾ DRI ਨੂੰ ਸੌਂਪ ਦਿੱਤਾ ਗਿਆ। ਪੁਲਸ ਨੇ ਮੁਲਜ਼ਮਾਂ ਤੋਂ ਪੰਜ ਮੋਬਾਈਲ ਫੋਨ ਅਤੇ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੀ ਇਕ Kia Carenz ਕਾਰ ਵੀ ਬਰਾਮਦ ਕੀਤੀ। ਉਨ੍ਹਾਂ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਾਰਵਾਈ ਚੰਦੌਲੀ ਪੁਲਸ ਸਟੇਸ਼ਨ ਅਤੇ SWAT/SOG ਦੀ ਸਾਂਝੀ ਟੀਮ ਦੁਆਰਾ ਕੀਤੀ ਗਈ, ਜਿਸ ਦੀ ਅਗਵਾਈ ਇੰਸਪੈਕਟਰ-ਇਨ-ਚਾਰਜ ਬਿੰਦੇਸ਼ਵਰ ਪਾਂਡੇ ਅਤੇ SWAT/SOG ਇੰਸਪੈਕਟਰ-ਇਨ-ਚਾਰਜ ਰਾਮ ਜਨਮ ਯਾਦਵ ਨੇ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
