ਗੌਰਵ ਚੰਦੇਲ ਕਤਲਕਾਂਡ ਦੀਆਂ ਪਰਤਾਂ ਖੋਲ੍ਹ ਰਹੀ ਹੈ ਪੁਲਸ, ਮਿਰਚੀ ਗੈਂਗ ਦਾ ਭਰਾ ਗ੍ਰਿਫਤਾਰ

01/27/2020 12:11:17 PM

ਹਾਪੁੜ— ਗ੍ਰੇਟਰ ਨੋਇਡਾ ਵਿਚ 6 ਜਨਵਰੀ ਨੂੰ ਗੌਰਵ ਚੰਦੇਲ ਕਤਲਕਾਂਡ ਕੇਸ ਨੂੰ ਪੁਲਸ ਸੁਝਲਾਉਣ ਦੀ ਕੋਸ਼ਿਸ਼ 'ਚ ਜੁਟੀ ਹੈ। ਹਾਪੁੜ ਪੁਲਸ ਨੇ ਕਤਲ ਦੇ ਇਕ ਦੋਸ਼ੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਬਦਮਾਸ਼ ਉਮੇਸ਼ ਕੁਮਾਰ ਹੈ, ਜੋ ਕਿ ਮਿਰਚੀ ਗੈਂਗ ਦੇ ਲੀਡਰ ਅਤੇ ਇਕ ਲੱਖ ਦੇ ਇਨਾਮੀ ਬਦਮਾਸ਼ ਆਸ਼ੂ ਦਾ ਸਕਾ ਭਰਾ ਹੈ। ਇਸ ਤੋਂ ਇਲਾਵਾ ਪੁਲਸ ਨੇ ਆਸ਼ੂ ਦੀ ਪਤਨੀ ਪੂਨਮ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਹੁਣ ਇਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ, ਤਾਂ ਕਿ ਗੌਰਵ ਤੋਂ ਲੁੱਟੇ ਗਏ ਲੈਪਟਾਪ ਅਤੇ ਹੋਰ ਸਾਮਾਨ ਬਰਾਮਦ ਕੀਤਾ ਜਾ ਸਕੇ। ਐੱਸ. ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਸੂਚਨਾ ਮਿਲੀ ਸੀ ਕਿ ਆਸ਼ੂ ਦੀ ਪਤਨੀ ਪੂਨਮ ਆਪਣੇ ਦਿਓਰ ਉਮੇਸ਼ ਨਾਲ ਕਿਤੇ ਜਾ ਰਹੀ ਹੈ। ਪੁਲਸ ਨੇ ਘੇਰਾਬੰਦੀ ਕਰ ਕੇ ਦੋਹਾਂ ਨੂੰ ਧੌਲਾਨਾ 'ਚ ਫੜ ਲਿਆ। ਉਮੇਸ਼ ਕੋਲੋਂ ਇਕ ਪਿਸਟਲ ਅਤੇ ਬਾਈਕ ਮਿਲੀ ਹੈ। ਬਾਈਕ ਚੋਰੀ ਦੀ ਸੀ। ਉਨ੍ਹਾਂ ਨੇ ਦੱਸਿਆ ਕਿ ਉਮੇਸ਼, ਚੰਦੇਲ ਕਤਲ 'ਚ ਸ਼ਾਮਲ ਸੀ, ਜਦਕਿ ਆਸ਼ੂ ਦੀ ਪਤਨੀ ਪੂਨਮ ਵੀ ਇਸ ਕਤਲ ਕੇਸ ਨਾਲ ਜੁੜੀ ਸੀ। ਉਸ ਦੇ ਵਿਰੁੱਧ ਧਾਰਾ-120ਬੀ ਤਹਿਤ ਕਾਰਵਾਈ ਕੀਤੀ ਜਾਵੇਗੀ।

ਐੱਸ. ਪੀ. ਹਾਪੁੜ ਮੁਤਾਬਕ ਦੋਹਾਂ ਨੇ ਪੁੱਛ-ਗਿੱਛ ਦੌਰਾਨ ਗੌਰਵ ਕਤਲਕਾਂਡ ਦੇ ਸੰਬੰਧ ਵਿਚ ਕਈ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਜਿਸ ਤੋਂ ਬਾਅਦ ਹਾਪੁੜ ਪੁਲਸ ਅਤੇ ਧੌਲਾਨਾ ਥਾਣੇ ਦੀ ਪੁਲਸ ਉਮੇਸ਼ ਨੂੰ ਸਬੂਤ ਇਕੱਠੇ ਕਰਨ ਲਈ ਲੈ ਕੇ ਜਾ ਰਹੀ ਸੀ। ਇਸ ਦੌਰਾਨ ਪਾਰਪਾ ਪਿੰਡ ਨੇੜੇ ਉਮੇਸ਼ ਨੇ ਪੁਲਸ ਕਸਟੱਡੀ ਤੋਂ ਦੌੜਨ ਦੀ ਕੋਸ਼ਿਸ਼ ਕੀਤੀ। ਉਸ ਨੇ ਪੁਲਸ ਅਧਿਕਾਰੀ ਦੀ ਪਿਸਟਲ ਖੋਹ ਕੇ ਫਾਇਰਿੰਗ ਕਰ ਦਿੱਤੀ। ਇਸ ਦੇ ਜਵਾਬ ਵਿਚ ਪੁਲਸ ਨੇ ਗੋਲੀ ਚਲਾਈ, ਜੋ ਕਿ ਉਸ ਦੇ ਦੋਹਾਂ ਪੈਰਾਂ 'ਚ ਲੱਗੀ ਅਤੇ ਉਹ ਜ਼ਖਮੀ ਹੋ ਕੇ ਡਿੱਗ ਗਿਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਪੁਲਸ ਗੌਰਵ ਚੰਦੇਲ ਤੋਂ ਲੁੱਟੇ ਗਏ ਲੈਪਟਾਪ ਅਤੇ ਕਈ ਹੋਰ ਸਾਮਾਨ ਦੀ ਬਰਾਮਦਗੀ 'ਚ ਜੁੱਟੀ ਹੋਈ ਹੈ। ਇੱਥੇ ਦੱਸ ਦੇਈਏ ਕਿ ਗੌਰਵ ਦੇ ਕਤਲ ਮਗਰੋਂ ਉਨ੍ਹਾਂ ਦੀ ਕਾਰ ਮਿਲੀ ਗਈ ਹੈ। ਗੁਰੂਗ੍ਰਾਮ ਦੀ ਇਕ ਕੰਪਨੀ ਵਿਚ ਕੰਮ ਕਰਨ ਵਾਲੇ ਗੌਰਵ ਦੀ 6 ਜਨਵਰੀ ਦੀ ਰਾਤ ਗ੍ਰੇਟਰ ਨੋਇਡਾ ਵਿਚ ਲੁੱਟ ਤੋਂ ਬਾਅਦ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 


Tanu

Content Editor

Related News