ਵੱਡਾ ਹਾਦਸਾ: ਹਾਈਵੇ ‘ਤੇ ਪਲਟਿਆ ਗੈਸ ਨਾਲ ਭਰਿਆ ਟੈਂਕਰ, ਹੋਏ ਕਈ ਧਮਾਕੇ
Wednesday, Oct 08, 2025 - 12:23 AM (IST)

ਜੈਪੁਰ - ਜੈਪੁਰ–ਅਜਮੇਰ ਹਾਈਵੇ ‘ਤੇ ਸੋਮਵਾਰ ਸਵੇਰੇ ਵੱਡਾ ਹਾਦਸਾ ਹੋ ਗਿਆ, ਜਦੋਂ ਗੈਸ ਨਾਲ ਭਰਿਆ ਟੈਂਕਰ ਸਾਵਰਦਾ ਪੁਲੀਆ ਦੇ ਨੇੜੇ ਉਲਟ ਗਿਆ। ਟੈਂਕਰ ਦੇ ਉਲਟਣ ਨਾਲ ਹੀ ਤੇਜ਼ ਧਮਾਕੇ ਹੋਏ ਸ਼ੁਰੂ ਹੋ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਅਫ਼ਰਾਤਫ਼ਰੀ ਮਚ ਗਈ। ਦੂਦੂ ਅਤੇ ਨੇੜਲੇ ਥਾਣਿਆਂ ਦੀ ਪੁਲਸ ਫੌਰੀ ਤੌਰ ‘ਤੇ ਮੌਕੇ ‘ਤੇ ਪਹੁੰਚ ਗਈ ਹੈ।
ਧਮਾਕਿਆਂ ਦੀ ਆਵਾਜ਼ 10 ਕਿਲੋਮੀਟਰ ਤੱਕ ਸੁਣੀ ਗਈ
ਜਾਣਕਾਰੀ ਮੁਤਾਬਕ, ਟੈਂਕਰ ਦੇ ਉਲਟਣ ਤੋਂ ਬਾਅਦ ਗੈਸ ਸਿਲੰਡਰ ਨਾਲ ਭਰੇ ਟਰੱਕ ਵਿੱਚ ਅੱਗ ਲੱਗ ਗਈ, ਜਿਸ ਕਾਰਨ ਇਕ ਤੋਂ ਬਾਅਦ ਇਕ ਸਿਲੰਡਰ ਫਟਦੇ ਗਏ। ਧਮਾਕਿਆਂ ਦੀ ਆਵਾਜ਼ ਲਗਭਗ 10 ਕਿਲੋਮੀਟਰ ਤੱਕ ਸੁਣੀ ਗਈ। ਕਈ ਸਿਲੰਡਰ 200 ਮੀਟਰ ਤੱਕ ਉਛਲ ਕੇ ਖੇਤਾਂ ਵਿੱਚ ਜਾ ਡਿਗੇ। ਇਸ ਹਾਦਸੇ ਵਿੱਚ ਕਈ ਵਾਹਨਾਂ ਦੇ ਸੜਨ ਦੀ ਵੀ ਖ਼ਬਰ ਹੈ।
ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਦਮਕਲ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਹਾਈਵੇ ਦੇ ਦੋਵੇਂ ਪਾਸਿਆਂ ਦਾ ਟ੍ਰੈਫ਼ਿਕ ਰੋਕ ਦਿੱਤਾ ਹੈ। ਟਰੱਕ ਦਾ ਡਰਾਈਵਰ ਤੇ ਖਲਾਸੀ ਹਾਦਸੇ ਤੋਂ ਬਾਅਦ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਸੀਐਮ ਭਜਨਲਾਲ ਸ਼ਰਮਾ ਨੇ ਦਿੱਤੇ ਤੁਰੰਤ ਹੁਕਮ
ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਜ਼ਿਲਾ ਕਲੈਕਟਰ ਤੇ ਐਸਪੀ ਨਾਲ ਗੱਲਬਾਤ ਕਰਕੇ ਸਾਵਧਾਨੀ ਬਰਤਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਰਿਪੋਰਟਾਂ ਅਨੁਸਾਰ, ਲਗਭਗ 20 ਵਾਹਨ ਇਸ ਹਾਦਸੇ ਨਾਲ ਪ੍ਰਭਾਵਿਤ ਹੋਏ ਹਨ।
ਡਿਪਟੀ ਸੀਐਮ ਪ੍ਰੇਮ ਚੰਦ ਬੈਰਵਾ ਦੀ ਪ੍ਰਤੀਕ੍ਰਿਆ
ਡਿਪਟੀ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ ਨੇ ਕਿਹਾ ਕਿ ਉਹ ਘਟਨਾ ਸਥਾਨ ‘ਤੇ ਖੁਦ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਗ ਹੁਣ ਨਿਯੰਤਰਣ ਵਿੱਚ ਹੈ ਅਤੇ ਕਿਸੇ ਹੋਰ ਵਾਹਨ ਨੂੰ ਨੁਕਸਾਨ ਨਹੀਂ ਪਹੁੰਚਿਆ। ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਰਾਹਤ ਤੇ ਬਚਾਅ ਕੰਮ ਵਿੱਚ ਜੁੱਟੀਆਂ ਹੋਈਆਂ ਹਨ।
ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਲਗਾਤਾਰ ਧਮਾਕਿਆਂ ਕਾਰਨ ਸਾਵਰਦਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਨੇ ਨਜ਼ਦੀਕੀ ਇਲਾਕਿਆਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੱਡੀ ਦੁੱਖਦਾਈ ਘਟਨਾ ਤੋਂ ਬਚਿਆ ਜਾ ਸਕੇ।