ਰਾਮਪੁਰ ’ਚ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ, 10 ਦਿਨ ਪਹਿਲਾਂ ਜੇਲ ਤੋਂ ਛੁੱਟਿਆ ਸੀ

Thursday, Oct 08, 2026 - 08:25 PM (IST)

ਰਾਮਪੁਰ ’ਚ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ, 10 ਦਿਨ ਪਹਿਲਾਂ ਜੇਲ ਤੋਂ ਛੁੱਟਿਆ ਸੀ

ਰਾਮਪੁਰ, (ਇੰਟ.)-ਬਿਲਾਸਪੁਰ ਥਾਣਾ ਖੇਤਰ ਵਿਚ ਵੀਰਵਾਰ ਸਵੇਰੇ ਬਾਈਕ ਸਵਾਰ 3 ਬਦਮਾਸ਼ਾਂ ਨੇ ਗੈਂਗਸਟਰ ਸੰਦੀਪ ਚੌਹਾਨ ਉਰਫ਼ ਸੰਨੀ (30) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੰਦੀਪ ਲੱਗਭਗ 10 ਦਿਨ ਪਹਿਲਾਂ ਹੀ ਜੇਲ ਤੋਂ ਛੁੱਟ ਕੇ ਆਇਆ ਸੀ। ਪੁਲਸ ਅਨੁਸਾਰ ਉਸ ਦੇ ਖ਼ਿਲਾਫ਼ 16 ਤੋਂ ਵੱਧ ਮੁਕੱਦਮੇ ਦਰਜ ਸਨ। ਦਿਬਦਿਬਾ ਪਿੰਡ ਦੇ ਸਾਂਗਾ ਫਾਰਮ ਦੇ ਰਹਿਣ ਵਾਲੇ ਸੰਦੀਪ ਰਾਈਸ ਮਿੱਲ ਵਿਚ ਬਾਰਦਾਨਾ ਕੱਟਣ ਅਤੇ ਸਿਉਣ ਦਾ ਕੰਮ ਕਰਦਾ ਸੀ। ਪਰਿਵਾਰ ਵਿਚ ਪਤਨੀ ਸ਼ਿਵਾਨੀ, 6 ਮਹੀਨੇ ਦਾ ਪੁੱਤਰ ਅਤੇ 3 ਸਾਲ ਦੀ ਧੀ ਹੈ। ਵੀਰਵਾਰ ਸਵੇਰੇ ਉਹ ਬੀਮਾਰ ਪੁੱਤਰ ਦੀ ਦਵਾਈ ਲੈਣ ਪਤਨੀ ਨਾਲ ਨਿਕਲਿਆ ਸੀ। ਸ਼ਰਾਬ ਦੇ ਠੇਕੇ ਨੇੜੇ ਉਸ ਦਾ ਦੋਸਤ ਮਿਲ ਗਿਆ। ਸੰਦੀਪ ਨੇ ਪਤਨੀ ਅਤੇ ਪੁੱਤਰ ਨੂੰ ਘਰ ਭੇਜ ਦਿੱਤਾ ਅਤੇ ਖ਼ੁਦ ਕੁਝ ਦੇਰ ਬਾਅਦ ਬਾਈਕ ’ਤੇ ਸ਼ਰਾਬ ਲੈਣ ਜਾਣ ਲੱਗਾ।
ਪੁਲਸ ਮੁਤਾਬਕ ਇਸੇ ਦੌਰਾਨ ਬਾਈਕ ਸਵਾਰ 3 ਹਮਲਾਵਰਾਂ ਨੇ ਸੰਦੀਪ ’ਤੇ ਫਾਇਰਿੰਗ ਕਰ ਦਿੱਤੀ। ਉਸ ਨੂੰ 3 ਗੋਲੀਆਂ ਲੱਗੀਆਂ, ਜਿਨ੍ਹਾਂ ਵਿਚੋਂ 2 ਸਿਰ ਦੇ ਉਪਰਲੇ ਹਿੱਸੇ ਅਤੇ ਇਕ ਪਿੱਠ ਵਿਚ ਲੱਗੀ। ਗੰਭੀਰ ਹਾਲਤ ਵਿਚ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ. ਸੀ.) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ। ਐੱਸ. ਪੀ. ਅਨਿਲ ਸਿੰਘ ਸਿਸੋਦੀਆ ਨੇ ਘਟਨਾ ਸਥਾਨ ਦਾ ਨਿਰੀਖਣ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਜਲਦ ਘਟਨਾ ਦੇ ਖ਼ੁਲਾਸੇ ਲਈ ਪੁਲਸ ਟੀਮਾਂ ਨੂੰ ਹੁਕਮ ਦਿੱਤੇ ਹਨ। ਹੱਤਿਆ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Shubam Kumar

Content Editor

Related News