ਅਮਰਨਾਥ ਗੁਫਾ ਨੇੜੇ ਤਾਜ਼ਾ ਬਰਫਬਾਰੀ
Wednesday, May 11, 2022 - 10:44 AM (IST)
ਸ੍ਰੀਨਗਰ/ਜੰਮੂ,(ਕਮਲ/ਉਦੇ)– ਪ੍ਰਸ਼ਾਸਨ ਇਸ ਸਾਲ 30 ਜੂਨ ਤੋਂ ਸ਼ੁਰੂ ਹੋਣ ਵਾਲੀ 43 ਦਿਨਾਂ ਅਮਰਨਾਥ ਯਾਤਰਾ ਲਈ ਜੰਗੀ ਪੱਧਰ ’ਤੇ ਤਿਆਰੀਆਂ ਕਰ ਰਿਹਾ ਹੈ। ਪਹਿਲਗਾਮ-ਚੰਦਨਵਾੜੀ ਰੋਡ ਤੋਂ ਬਰਫ਼ ਹਟਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਪਹਿਲਗਾਮ ਵਿਕਾਸ ਅਥਾਰਟੀ ਦੇ ਅਧਿਕਾਰੀ ਪਹਿਲਗਾਮ ਤੋਂ ਆਪਣੇ ਲਾਮ-ਲਸ਼ਕਰ ਨਾਲ ਸਭ ਪ੍ਰਬੰਧ ਕਰਵਾ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਇੱਥੇ ਤਾਜ਼ਾ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਬਾਲਟਾਲ ਅਤੇ ਪਹਿਲਗਾਮ-ਚੰਦਨਵਾੜੀ ਮਾਰਗਾਂ ’ਤੇ ਫਿਰ ਤੋਂ ਬਰਫ ਦੀ ਚਾਦਰ ਵਿਛ ਗਈ ਹੈ। ਯਾਤਰਾ ਰੂਟ ਦੀ ਸਫ਼ਾਈ ਵਿੱਚ ਲੱਗੇ ਕਰਮਚਾਰੀਆਂ ਨੂੰ ਤਾਜ਼ਾ ਬਰਫ਼ਬਾਰੀ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਯਾਤਰਾ ਦਾ ਰਸਤਾ ਬਰਫ਼ ਕਾਰਨ ਤਿਲਕਵਾਂ ਹੋ ਗਿਆ ਹੈ।
ਦੂਜੇ ਪਾਸੇ ਬੰਗਾਲ ਦੀ ਖਾੜੀ ’ਤੇ ਬਣਿਆ ਸਮੁੰਦਰੀ ਤੂਫਾਨ '‘ਅਸਾਨੀ’ ਪੂਰਬੀ ਕੰਢੇ ਨੇੜੇ ਪਹੁੰਚ ਗਿਆ ਹੈ । ਇਸ ਦੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਇਸ ਕਾਰਨ 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਇਕ ਹੋਰ ਚੰਗੀ ਖਬਰ ਇਹ ਹੈ ਕਿ ਇਸ ਵਾਰ ਅੰਡੇਮਾਨ ’ਚ ਮਾਨਸੂਨ ਕੇਰਲ ਤੋਂ ਵੀ 12 ਤੋਂ 13 ਦਿਨ ਪਹਿਲਾਂ ਪਹੁੰਚ ਜਾਵੇਗਾ। ਇਹ ਆਮ ਤੌਰ ’ਤੇ 9 ਤੋਂ 10 ਦਿਨ ਪਹਿਲਾਂ ਪਹੁੰਚਦਾ ਹੈ। ਕੇਰਲ ਵਿੱਚ ਮਾਨਸੂਨ ਦੇ ਆਉਣ ਦੀ ਮਿਤੀ 1 ਜੂਨ ਹੈ। ਇਸ ਮੁਤਾਬਕ, ਮਾਨਸੂਨ 18 ਮਈ ਤੱਕ ਅੰਡੇਮਾਨ ਪਹੁੰਚ ਜਾਵੇਗਾ। ਇਸ ਨਾਲ ਗਰਮੀ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।