ਮੁਫ਼ਤ ਦੀ ਆਈਸਕ੍ਰੀਮ ਖਾਣ ਤੋਂ ਮਨ੍ਹਾ ਕਰਨਾ ਪਿਆ ਭਾਰੀ, ਮਿਲੀ ਮੌਤ

03/13/2020 5:12:01 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ 25 ਸਾਲਾ ਇਕ ਨੌਜਵਾਨ ਨੂੰ ਮੁਫ਼ਤ ਦੀ ਆਈਸਕ੍ਰੀਮ ਖਾਣ ਤੋਂ ਮਨ੍ਹਾ ਕਰਨਾ ਭਾਰੀ ਪੈ ਗਿਆ। ਉਸ ਦਾ ਚਾਰ ਲੋਕਾਂ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਮਿਤ ਸ਼ਰਮਾ (25) ਦੇ ਕਤਲ ਦੇ ਚਾਰ ਘੰਟਿਆਂ ਬਾਅਦ ਲਕਸ਼ (27), ਉਸ ਦੇ ਵੱਡੇ ਭਰਾ ਕਰਨ (29) ਅਤੇ ਦੋਸਤਾਂ ਧੀਰਜ (26) ਅਤੇ ਅਵਿਨਾਸ਼ (27) ਨੂੰ ਗ੍ਰਿਫਤਾਰ ਕੀਤਾ ਗਿਆ।

ਪਾਸ ਹੋਣ ਦੀ ਖੁਸ਼ੀ 'ਚ ਕੀਤੀ ਸੀ ਪਾਰਟੀ
ਪੁਲਸ ਅਨੁਸਾਰ ਮੇਰਠ ਦੇ ਲਾਲਾ ਲਾਜਪੱਤ ਰਾਏ ਮੈਮੋਰੀਅਲ ਮੈਡੀਕਲ ਕਾਲਜ ਦੇ ਵਿਦਿਆਰਥੀ ਲਕਸ਼ ਨੇ ਹਾਲ ਹੀ 'ਚ ਐੱਮ.ਬੀ.ਬੀ.ਐੱਸ. ਪ੍ਰੀਖਿਆ ਪਾਸ ਕੀਤੀ ਸੀ ਅਤੇ ਇਸ ਖੁਸ਼ੀ 'ਚ ਉਹ ਵੀਰਵਾਰ ਦੀ ਰਾਤ ਰੋਹਿਣੀ ਸਥਿਤ ਆਪਣੇ ਘਰ 'ਚ ਕਰਨ, ਧੀਰਜ ਅਤੇ ਅਵਿਨਾਸ਼ ਨਾਲ ਪਾਰਟੀ ਕਰ ਰਿਹਾ ਸੀ। ਬਾਅਦ 'ਚ ਸਾਰੇ ਆਈਸਕ੍ਰੀਮ ਖਾਣ ਬਾਹਰ ਗਏ, ਜਿੱਥੇ ਉਨ੍ਹਾਂ ਨੇ ਅਮਿਤ ਸ਼ਰਮਾ ਨੂੰ ਉਸ ਦੇ ਇਕ ਰਿਸ਼ਤੇਦਾਰ ਰਾਹੁਲ ਅਤੇ ਦੋਸਤ ਇਸ਼ਾਂਤ ਨਾਲ ਦੇਖਿਆ। ਸ਼ਰਾਬ ਦੇ ਨਸ਼ੇ 'ਚ ਲਕਸ਼ ਅਤੇ ਉਸ ਦੇ ਦੋਸਤਾਂ ਨੇ ਸ਼ਰਮਾ ਨੂੰ ਮੁਫ਼ਤ 'ਚ ਆਈਸਕ੍ਰੀਮ ਖਾਣ ਲਈ ਕਿਹਾ। ਸ਼ਰਮਾ ਦੇ ਮਨ੍ਹਾ ਕਰਨ 'ਤੇ ਦੋਹਾਂ ਪੱਖਾਂ 'ਚ ਝਗੜਾ ਹੋ ਗਿਆ। ਪੁਲਸ ਨੇ ਦੱਸਿਆ ਕਿ ਲਕਸ਼ ਅਤੇ ਉਸ ਦੇ ਦੋਸਤਾਂ ਨੇ ਰੋਹਿਣੀ ਦੇ ਸੈਕਟਰ 3 'ਚ ਸ਼ਰਮਾ ਨੂੰ ਫੜਿਆ ਅਤੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ।

4 ਦੋਸ਼ੀਆਂ ਨੂੰ ਕੀਤਾ ਗਿਆ ਹੈ ਗ੍ਰਿਫਤਾਰ
ਹਮਲੇ ਨਾਲ ਸ਼ਰਮਾ ਨੂੰ ਸਿਰ 'ਚ ਸੱਟ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਪੁਲਸ ਡਿਪਟੀ ਕਮਿਸ਼ਨਰ ਐੱਸ.ਡੀ. ਮਿਸ਼ਰਾ ਨੇ ਕਿਹਾ,''ਚਸ਼ਮਦੀਦ ਰਾਹੁਲ ਅਤੇ ਇਸ਼ਾਂਤ ਨੇ ਹਮਲਾਵਰਾਂ ਦੀ ਬਾਈਕ ਦਾ ਨੰਬਰ ਲਿਖ ਲਿਆ ਸੀ। ਇਸ ਜਾਣਕਾਰੀ ਦੇ ਆਧਾਰ 'ਤੇ ਅਸੀਂ ਘਟਨਾ ਦੇ 4 ਘੰਟੇ ਬਾਅਦ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਦੱਖਣੀ ਰੋਹਿਣੀ ਪੁਲਸ ਥਾਣੇ 'ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।''


DIsha

Content Editor

Related News