ਚੌਥੇ ਪੜਾਅ ਲਈ ਚੋਣ ਪ੍ਰਚਾਰ ਖਤਮ, 961 ਉਮੀਦਵਾਰ ਮੈਦਾਨ ''ਚ

Sunday, Apr 28, 2019 - 03:24 AM (IST)

ਚੌਥੇ ਪੜਾਅ ਲਈ ਚੋਣ ਪ੍ਰਚਾਰ ਖਤਮ, 961 ਉਮੀਦਵਾਰ ਮੈਦਾਨ ''ਚ

ਨਵੀਂ ਦਿੱਲੀ, (ਯੂ. ਐੱਨ. ਆਈ.)— ਲੋਕ ਸਭਾ ਦੀਆਂ ਚੋਣਾਂ ਲਈ ਚੌਥੇ ਪੜਾਅ ਅਧੀਨ 29 ਅਪ੍ਰੈਲ ਨੂੰ ਹੋਣ ਵਾਲੀ ਪੋਲਿੰਗ ਲਈ ਚੋਣ ਪ੍ਰਚਾਰ ਸ਼ਨੀਵਾਰ ਸ਼ਾਮ 5 ਵਜੇ ਖਤਮ ਹੋ ਗਿਆ। ਨਾਲ ਹੀ ਓਡਿਸ਼ਾ ਵਿਧਾਨ ਸਭਾ ਲਈ ਚੌਥੇ ਅਤੇ ਆਖਰੀ ਪੜਾਅ ਦੀ ਪੋਲਿੰਗ ਲਈ ਚੋਣ ਪ੍ਰਚਾਰ ਦੀ ਗਹਿਮਾ-ਗਹਿਮੀ ਖਤਮ ਹੋ ਗਈ। ਜੰਮੂ-ਕਸ਼ਮੀਰ ਦੀ ਅਨੰਤਨਾਗ ਸੀਟ ਸਮੇਤ 9 ਸੂਬਿਆਂ ਦੀਆਂ 72 ਅਤੇ ਓਡਿਸ਼ਾ ਵਿਧਾਨ ਸਭਾ ਦੀਆਂ 42 ਸੀਟਾਂ ਲਈ ਸੋਮਵਾਰ ਵੋਟਾਂ ਪੈਣਗੀਆਂ। ਸੁਰੱਖਿਆ ਕਾਰਨਾਂ ਕਰ ਕੇ ਅਨੰਤਨਾਗ ਵਿਖੇ 3 ਪੜਾਵਾਂ ਵਿਚ ਵੋਟਾਂ ਪੁਆਈਆਂ ਗਈਆਂ ਹਨ। ਇਸ ਸੀਟ ਦੇ ਇਕ ਹਿੱਸੇ ਵਿਚ ਤੀਜੇ ਪੜਾਅ ਲਈ ਵੋਟਾਂ ਪੈ ਚੁੱਕੀਆਂ ਹਨ, ਜਦਕਿ ਚੌਥੇ ਅਤੇ ਪੰਜਵੇਂ ਪੜਾਅ ਅਧੀਨ 2 ਹੋਰਨਾਂ ਹਿੱਸਿਆਂ ਵਿਚ ਅਜੇ ਵੋਟਾਂ ਪੈਣੀਆਂ ਹਨ।
ਲੋਕ ਸਭਾ ਦੀਆਂ ਚੋਣਾਂ ਦੇ ਚੌਥੇ ਪੜਾਅ ਅਧੀਨ ਕੁਲ 961 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 1 ਲੱਖ 40 ਹਜ਼ਾਰ 849 ਪੋਲਿੰਗ ਕੇਂਦਰਾਂ 'ਤੇ 12,79,58,477 ਵੋਟਰ ਵੋਟ ਪਾਉਣਗੇ। ਇਨ੍ਹਾਂ ਵਿਚੋਂ 6,73,22,777 ਮਰਦ ਅਤੇ 6,06,31,574 ਮਹਿਲਾ ਵੋਟਰ ਹਨ। ਹਿਜੜੇ ਵੋਟਰਾਂ ਦੀ ਗਿਣਤੀ 4,126 ਹੈ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਬਿਹਾਰ ਦੀ ਬੇਗੂਸਰਾਏ ਸੀਟ ਤੋਂ, ਗਜੇਂਦਰ ਸਿੰਘ ਸ਼ੇਖਾਵਤ ਰਾਜਸਥਾਨ ਦੀ ਜੋਧਪੁਰ ਸੀਟ ਤੋਂ, ਪੀ. ਪੀ. ਚੌਧਰੀ ਰਾਜਸਥਾਨ ਦੀ ਪਾਲੀ ਸੀਟ ਤੋਂ ਅਤੇ ਐੱਸ. ਐੱਸ. ਆਹਲੂਵਾਲੀਆ ਪੱਛਮੀ ਬੰਗਾਲ ਦੀ ਬਰਧਮਾਨ-ਦੁਰਗਾਪੁਰ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ।

1 ਲੱਖ— 40 ਹਜ਼ਾਰ 849 ਪੋਲਿੰਗ ਕੇਂਦਰ
ਮਰਦ ਵੋਟਰ— 6,73,22,777
ਮਹਿਲਾ ਵੋਟਰ— 6,06,31,574
ਹਿਜੜੇ ਵੋਟਰ— 4,126 ਵੋਟਰ


author

KamalJeet Singh

Content Editor

Related News