ਜੰਮੂ ਕਸ਼ਮੀਰ ਦੇ ਸੋਪੋਰ ''ਚ ਲਸ਼ਕਰ ਲਈ ਕੰਮ ਕਰਨ ਵਾਲੇ 4 ਅੱਤਵਾਦੀ ਗ੍ਰਿਫ਼ਤਾਰ

Saturday, Sep 10, 2022 - 12:08 PM (IST)

ਜੰਮੂ ਕਸ਼ਮੀਰ ਦੇ ਸੋਪੋਰ ''ਚ ਲਸ਼ਕਰ ਲਈ ਕੰਮ ਕਰਨ ਵਾਲੇ 4 ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸੋਪੋਰ ਉੱਪ-ਜ਼ਿਲ੍ਹੇ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਸੰਗਠਨ ਲਈ ਕੰਮ ਕਰ ਰਹੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੁਲਸ, ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਨੇ ਗੌਸੀਆਬਾਦ ਚੌਕ ਚਿੰਕੀਪੋਰਾ 'ਚ ਇਕ ਸਾਂਝੀ ਚੌਕੀ 'ਤੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ 2 ਵਿਅਕਤੀਆਂ ਨੂੰ ਸ਼ੱਕੀ ਗਤੀਵਿਧੀਆਂ ਕਾਰਨ ਰੁਕਣ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਚੌਕਸ ਸੁਰੱਖਿਆ ਫ਼ੋਰਸਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਫੜੇ ਗਏ ਵਿਅਕਤੀਆਂ ਕੋਲੋਂ 2 ਹੈਂਡ ਗ੍ਰੇਨੇਡ ਬਰਾਮਦ ਹੋਏ ਹਨ। ਦੋਹਾਂ ਦੀ ਪਛਾਣ ਕੁਲੋਸਾ ਬਾਂਦੀਪੋਰਾ ਦੇ ਸ਼ਾਕਿਰ ਅਕਬਰ ਗੋਜਰੀ ਅਤੇ ਚਿਨਾਦ ਬਾਰਾਮੂਲਾ ਦੇ ਮੋਹਸਿਨ ਵਾਨੀ ਵਜੋਂ ਹੋਈ ਹੈ।

ਅਧਿਕਾਰੀ ਨੇ ਕਿਹਾ,''ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਬੰਦੀਸ਼ੁਦਾ ਸੰਗਠਨ ਲਸ਼ਕਰ ਲਈ ਕੰਮ ਕਰਦੇ ਹਨ। ਉਹ ਲਗਾਤਾਰ ਸੁਰੱਖਿਆ ਫ਼ੋਰਸਾਂ ਅਤੇ ਆਮ ਨਾਗਰਿਕਾਂ 'ਤੇ ਹਮਲੇ ਕਰਨ ਦੇ ਮੌਕੇ ਦੀ ਤਲਾਸ਼ 'ਚ ਸਨ।'' ਉਨ੍ਹਾਂ ਕਿਹਾ,''ਫੜੇ ਗਏ ਅੱਤਵਾਦੀਆਂ ਨੇ ਜਾਂਚ ਦੌਰਾਨ ਆਪਣੇ 2 ਹੋਰ ਮੈਂਬਰਾਂ ਦੇ ਨਾਂਵਾਂ ਦਾ ਖ਼ੁਲਾਸਾ ਕੀਤਾ। ਜਿਸ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਤੋਂ ਹਥਿਆਰ ਅਤੇ ਗੋਲਾ-ਬਾਰੂਦ ਕੀਤਾ ਗਿਆ। ਚੀਨ ਦੀ ਬਣੀ ਇਕ ਪਿਸਤੌਲ, ਇਕ ਮੈਗਜ਼ੀਨ, 25 ਏ.ਕੇ. 47 ਰਾਊਂਡ, ਵਿਸਫ਼ੋਟਕ ਸਮੱਗਰੀ ਆਦਿ ਸ਼ਾਮਲ ਹੈ।'' ਪੁਲਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਹੋਰ 2 ਲੋਕਾਂ ਦੀ ਪਛਾਣ ਗੋਸੀਆਬਾਦ ਚਿੰਕੀਪੋਰਾ ਸੋਪੋਰ ਦੇ ਹਿਮਾਂਯੂ ਸ਼ਾਰਿਕ ਅਤੇ ਨਦਿਹਾਲ ਰਫੀਆਬਾਦ ਦੇ ਫੈਜ਼ਾਨ ਅਸ਼ਰਫ਼ ਵਾਨੀ ਵਜੋਂ ਹੋਈ ਹੈ।


author

DIsha

Content Editor

Related News