ਕਾਂਗਰਸ ਦੇ ਚਾਰ ਸੰਸਦ ਮੈਂਬਰ ਲੋਕ ਸਭਾ ਤੋਂ ਮੁਅੱਤਲ, ਹੰਗਾਮਾ ਕਰਨ ''ਤੇ ਹੋਈ ਕਾਰਵਾਈ
Monday, Jul 25, 2022 - 04:48 PM (IST)

ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ 'ਚ ਵੱਖ-ਵੱਖ ਮੁੱਦਿਆਂ ‘ਤੇ ਹੋਏ ਹੰਗਾਮੇ ਦੌਰਾਨ ਤਖ਼ਤੀਆਂ ਦਿਖਾ ਕੇ ਪ੍ਰਦਰਸ਼ਨ ਕਰਨ ਅਤੇ ਆਸਨ ਦੀ ਮਾਣਹਾਨੀ ਕਰਨ ਦੇ ਮਾਮਲੇ 'ਚ ਸੋਮਵਾਰ ਨੂੰ ਕਾਂਗਰਸ ਦੇ ਚਾਰ ਮੈਂਬਰਾਂ ਨੂੰ ਚਾਲੂ ਸੈਸ਼ਨ ਦੀ ਬਾਕੀ ਮਿਆਦ ਲਈ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ। ਪ੍ਰਧਾਨਗੀ ਸਪੀਕਰ ਰਾਜੇਂਦਰ ਅਗਰਵਾਲ ਨੇ ਸਦਨ 'ਚ ਆਸਨ ਦੇ ਅਧਿਕਾਰਾਂ ਦੀ ਅਣਦੇਖੀ ਕਰਨ ਦੇ ਮਾਮਲੇ 'ਚ ਕਾਂਗਰਸ ਮੈਂਬਰਾਂ ਮਣੀਕਮ ਟੈਗੋਰ, ਟੀ.ਐੱਨ. ਪ੍ਰਤਾਪਨ, ਜੋਤੀਮਣੀ ਅਤੇ ਰਾਮਿਆ ਹਰੀਦਾਸ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੀ ਬਾਕੀ ਮਿਆਦ ਲਈ ਸਭਾ ਦੀ ਸੇਵਾ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਸਤਾਵ ਰੱਖਿਆ ਕਿ ਇਨ੍ਹਾਂ 4 ਮੈਂਬਰਾਂ ਦੇ ਸਦਨ ਦਾ ਮਾਣ ਦੇ ਪ੍ਰਤੀਕੂਲ ਆਚਰਨ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਚਾਲੂ ਸੈਸ਼ਨ ਦੀ ਬਾਕੀ ਮਿਆਦ ਲਈ ਕਾਰਵਾਈ ਤੋਂ ਮੁਅੱਤਲ ਕੀਤਾ ਜਾਵੇ।
ਇਸ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਦੇ ਸਪੀਕਰ ਅਗਰਵਾਲ ਨੇ ਕਿਹਾ ਕਿ ਕੁਝ ਮੈਂਬਰ ਲਗਾਤਾਰ ਤਖਤੀਆਂ ਆਸਨ ਦੇ ਸਾਹਮਣੇ ਦਿਖਾ ਰਹੇ ਹਨ, ਜੋ ਸਦਨ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਸਪੀਕਰ ਨੇ ਵੀ ਇਸ ਸੰਬੰਧ 'ਚ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਸੀ। ਅਗਰਵਾਲ ਨੇ ਕਿਹਾ ਕਿ ਆਸਨ ਕੋਲ ਇਨ੍ਹਾਂ ਮੈਂਬਰਾਂ ਦੇ ਨਾਮ ਲੈਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂਬਰ ਕ੍ਰਿਪਾ ਇਸ ਚਿਤਾਵਨੀ ਦਾ ਧਿਆਨ ਰੱਖਣ ਅਤੇ ਕਿਸੇ ਤਰ੍ਹਾਂ ਦੀ ਤਖ਼ਤੀ ਨਾ ਦਿਖਾਉਣ। ਅਗਰਵਾਲ ਨੇ ਇਸ ਤੋਂ ਬਾਅਦ ਕਾਂਗਰਸ ਦੇ ਚਾਰ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਤੋਂ ਮੁਅੱਤਲ ਕੀਤੇ ਜਾਣ ਦਾ ਐਲਾਨ ਕੀਤਾ।