UP ’ਚ ਹੁਣ ਸਾਬਕਾ ਮੰਤਰੀ ਦੀ ਨੂੰਹ ਦਾ ਬੈੱਡਰੂਮ ’ਚ ਕਤਲ
Saturday, Mar 22, 2025 - 05:33 AM (IST)

ਝਾਂਸੀ - ਯੂ. ਪੀ. ’ਚ ਮੇਰਠ ਦੇ ਸੌਰਭ ਕਤਲ ਕਾਂਡ ਦੀ ਗੂੰਜ ਅਜੇ ਠੰਢੀ ਨਹੀਂ ਪਈ ਸੀ ਕਿ ਝਾਂਸੀ ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਕੋਤਵਾਲੀ ਥਾਣਾ ਖੇਤਰ ਦੇ ਲਕਸ਼ਮੀ ਗੇਟ ਦੇ ਬਾਹਰਲੇ ਇਲਾਕੇ ਵਿਚ ਸਾਬਕਾ ਮੰਤਰੀ ਰਤਨਲਾਲ ਅਹਿਰਵਾਰ ਦੇ ਭਰਾ ਤੁਲਸੀਦਾਸ ਦਾ ਬੇਟਾ ਰਵਿੰਦਰ ਅਹਿਰਵਾਰ ਆਪਣੀ ਪਤਨੀ ਸੰਗੀਤਾ (36) ਅਤੇ 3 ਬੱਚਿਆਂ ਬੇਟੀ ਏਂਜਲ (12), ਅਰਪਿਤਾ (10) ਅਤੇ ਅੰਸ਼ (5) ਨਾਲ ਰਹਿੰਦੇ ਹਨ।
ਵੱਡੀ ਬੇਟੀ ਏਂਜਲ ਨੇ ਦੱਸਿਆ ਕਿ ਵੀਰਵਾਰ ਰਾਤ 9 ਵਜੇ ਰੋਹਿਤ ਵਾਲਮੀਕਿ ਸ਼ਰਾਬ ਲੈ ਕੇ ਘਰ ’ਤੇ ਆਇਆ ਸੀ। ਮਾਂ ਸੰਗੀਤਾ, ਰੋਹਿਤ ਅਤੇ ਪਾਪਾ ਰਵਿੰਦਰ ਸ਼ਰਾਬ ਲੈ ਕੇ ਬੈੱਡਰੂਮ ਵਿਚ ਚਲੇ ਗਏ ਅਤੇ ਅੰਦਰੋਂ ਬੈੱਡਰੂਮ ਦਾ ਦਰਵਾਜ਼ਾ ਬੰਦ ਕਰ ਲਿਆ। ਤਿੰਨੇ ਬੱਚਿਆਂ ਨੂੰ ਉੱਪਰ ਕਿਰਾਏ ’ਤੇ ਰਹਿੰਦੀ ਔਰਤ ਕੋਲ ਭੇਜ ਦਿੱਤਾ। ਅੰਦਰ ਦੇਰ ਤੱਕ ਸ਼ਰਾਬ ਪਾਰਟੀ ਚਲਦੀ ਰਹੀ।
ਬੇਟੀ ਨੇ ਦੱਸਿਆ ਕਿ ਲੱਗਭਗ ਇਕ ਘੰਟੇ ਬਾਅਦ ਅਸੀਂ ਹੇਠਾਂ ਆਏ ਅਤੇ ਦੂਜੇ ਕਮਰੇ ਵਿਚ ਚਲੇ ਗਏ। ਫਿਰ ਬੈੱਡਰੂਮ ਦੇ ਅੰਦਰੋਂ ਲੜਾਈ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮਾਂ ਉੱਚੀ-ਉੱਚੀ ਚੀਕ ਰਹੀ ਸੀ। ਮੈਂ ਦੌੜ ਕੇ ਬੈੱਡਰੂਮ ਨੇੜੇ ਗਈ। ਦਰਵਾਜ਼ਾ ਖੜਕਾਇਆ। ਰੋਹਿਤ ਨੇ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹਿਆ। ਉਸ ਨੇ 100 ਰੁਪਏ ਦਿੱਤੇ ਅਤੇ ਕਿਹਾ ਕਿ ਤੁਸੀਂ ਬਾਹਰ ਜਾਓ ਤੇ ਕੁਝ ਲੈ ਲਓ ਜਾ ਕੇ। ਫਿਰ ਉਸਨੇ ਦਰਵਾਜ਼ਾ ਬੰਦ ਕਰ ਲਿਆ। ਫਿਰ ਉਹ ਮਾਂ ਨੂੰ ਕੁੱਟਣ ਲੱਗਾ। ਮੈਂ ਦੌੜ ਕੇ ਮਕਾਨ ਦੀ ਦੂਜੀ ਮੰਜ਼ਿਲ ’ਤੇ ਰਹਿਣ ਵਾਲੀ ਕਿਰਾਏਦਾਰ ਆਂਟੀ ਸ਼ਕੁੰਤਲਾ ਕੋਲ ਗਈ ਅਤੇ ਉਨ੍ਹਾਂ ਨੂੰ ਦੱਸਿਆ।
ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਆ ਕੇ ਦਰਵਾਜ਼ਾ ਤੋੜਿਆ ਤਾਂ ਬੁਆਏਫ੍ਰੈਂਡ ਔਰਤ ਦੀ ਲਾਸ਼ ਦੇ ਨਾਲ ਲੇਟਿਆ ਹੋਇਆ ਸੀ। ਪਤੀ ਸਾਹਮਣੇ ਸੋਫੇ ’ਤੇ ਪਿਆ ਸੀ। ਪੁਲਸ ਨੇ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ। ਐੱਸ. ਪੀ. ਸਿਟੀ ਗਿਆਨੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਫੀਲਡ ਯੂਨਿਟ ਨੇ ਸਬੂਤ ਇਕੱਠੇ ਕੀਤੇ ਹਨ। ਮੌਤ ਕਿਵੇਂ ਹੋਈ ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।