ਸਰਕਾਰੀ ਗੈਸਟ ਹਾਊਸ ’ਚ ਬਦਲੇਗਾ ਸਾਬਕਾ ਸੀ. ਐੱਮ. ਕੇਜਰੀਵਾਲ ਦਾ ਬੰਗਲਾ
Saturday, Oct 04, 2025 - 11:13 PM (IST)

ਨਵੀਂ ਦਿੱਲੀ (ਭਾਸ਼ਾ)-ਦਿੱਲੀ ਸਰਕਾਰ ਉਸ ਬੰਗਲੇ ਨੂੰ ਕੰਟੀਨ ਵਾਲੇ ਸਟੇਟ ਗੈਸਟ ਹਾਊਸ ਦੇ ਤੌਰ ’ਤੇ ਬਦਲਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨੂੰ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਰਹਿਣ ਦੌਰਾਨ ਖੁਦ ਉਨ੍ਹਾਂ ਦੇ ਲਈ ਨਵਿਆਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਿਵਲ ਲਾਈਨਜ਼ ’ਚ ਫਲੈਗਸਟਾਫ ਰੋਡ ’ਤੇ ਸਥਿਤ ਬੰਗਲਾ ਨੰਬਰ 6 ’ਚ ਸ਼ਹਿਰ ਦੇ ਹੋਰ ਰਾਜ ਭਵਨਾਂ ਵਾਂਗ ਛੇਤੀ ਹੀ ਇਕ ਕੰਟੀਨ ਖੁੱਲ੍ਹੇਗੀ ਅਤੇ ਉੱਥੇ ਰਵਾਇਤੀ ਵਿਅੰਜਨ ਪਰੋਸੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਹੂਲਤ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ।
ਸਰਕਾਰੀ ਅਧਿਕਾਰੀ ਨੇ ਦੱਸਿਆ, “ਸਰਕਾਰ ਇਸ ਬੰਗਲਾ ਨੰਬਰ 6 ’ਚ ਇਕ ਸਰਕਾਰੀ ਗੈਸਟ ਹਾਊਸ ਬਣਾਉਣ ਦੇ ਕੰਮ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਹੈ, ਜੋ ਸਾਬਕਾ ਮੁੱਖ ਮੰਤਰੀ ਦੇ ਨਿਵਾਸ ਵਜੋਂ ਖਾਲੀ ਪਿਆ ਹੈ। ਇਸ ’ਚ ਇਕ ਕੰਟੀਨ, ਪਾਰਕਿੰਗ ਅਤੇ ਹੋਰ ਸਹੂਲਤਾਂ ਹੋਣਗੀਆਂ।’’ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਬੰਗਲੇ ਦੇ ਰੱਖ-ਰਖਾਅ ਲਈ ਲੱਗਭਗ 10 ਕਰਮਚਾਰੀ ਪਹਿਲਾਂ ਤੋਂ ਹੀ ਮੌਜੂਦ ਹਨ।